ਮਨੋਜ ਸ਼ਰਮਾ
ਬਠਿੰਡਾ, 31 ਮਈ
ਇਥੇ ਪ੍ਰਾਈਵੇਟ ਲੈਬਾਰਟਰੀਆਂ ਦੀ ਭਰਮਾਰ ਹੈ, ਜਿਨ੍ਹਾਂ ਵਿੱਚੋਂ ਕੁਝ ਕੁ ਲੈਬਾਰਟਰੀਆਂ ’ਚ ਉੱਚ ਯੋਗਤਾ ਵਾਲਾ ਸਟਾਫ ਤੇ ਡਾਕਟਰ ਹਨ ਤੇ ਬਿਨਾਂ ਯੋਗਤਾ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਲੈਬਾਰਟਰੀਆਂ ਵੱਲੋਂ ਟੈਸਟ ਆਫ਼ਰ ਵਾਲੇ ਬੋਰਡ ਲਾ ਕੇ ਧੜਾ ਧੜਾ ਮਰੀਜ਼ਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਡੇਂਗੂ ਤੇ ਮਲੇਰੀਆ ਦੇ ਮਰੀਜ਼ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵੱਲੋਂ ਪ੍ਰਾਈਵੇਟ ਲੈਬਾਰਟਰੀਆਂ ਵਿਚ ਜਾ ਕੇ ਟੈਸਟ ਕਰਵਾਏ ਜਾਂਦੇ ਹਨ ਤੇ ਉਥੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਬੰਧੀ ਪੜਤਾਲ ਵਿਚ ਸਾਹਮਣੇ ਆਇਆ ਕਿ ਸ਼ਹਿਰ ਵਿਚ ਕਾਫ਼ੀ ਲੈਬਾਰਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ਦੇ ਸੰਚਾਲਕਾਂ ਵੱਲੋਂ ਲੈਬਾਰਟਰੀਆਂ ਦੇ ਬਾਹਰ ਟੈਸਟਾਂ ਸਬੰਧੀ ਕੀਮਤਾਂ ਸਬੰਧੀ ਕੋਈ ਸੂਚੀ ਨਹੀਂ ਲਗਾਈ ਹੋਈ। ਇਸ ਕਾਰਨ ਇਹ ਮਰੀਜ਼ਾਂ ਤੋਂ ਮਰਜ਼ੀ ਨਾਲ ਫੀਸਾਂ ਵਸੂਲ ਰਹੇ ਹਨ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਲੈਬ ਮਾਲਕਾਂ ਵੱਲੋਂ ਮਹਾਮਾਰੀ ਦੀ ਆੜ ਵਿੱਚ ਮਰੀਜ਼ਾਂ ਦੀ ਲੁੱਟ ਕਰਨੀ ਮੰਦਭਾਗੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਦੇ ਨੱਕ ਹੇਠ ਮਾਲ ਰੋਡ, ਅਮਰੀਕ ਸਿੰਘ ਰੋਡ, ਬੀਬੀ ਵਾਲਾ ਰੋਡ, ਜੀਟੀਰੋਡ ’ਤੇ ਸਥਿਤ ਮੈਡੀਕਲ ਲੈਬਾਰਟਰੀਆਂ ਨਿੱਜੀ ਹਸਪਤਾਲਾਂ ਦੀ ਕਿਰਪਾ ਨਾਲ ਜੇਬਾਂ ਗਰਮ ਕਰ ਰਹੀਆਂ ਹਨ। ਮਾਲ ਰੋਡ ਸਥਿਤ ਦੋ ਨਿੱਜੀ ਲੈਬਾਰਟਰੀਆਂ ਤੋਂ ਡੇਂਗੂ ਟੈਸਟ ਦੀ ਫ਼ੀਸ ਸਬੰਧੀ ਪੜਤਾਲ ਕੀਤੀ ਗਈ ਤਾਂ ਇੱਕ ਨਿੱਜੀ ਲੈਬਾਰਟਰੀ ਵੱਲੋਂ ਟੈਸਟ ਫੀਸ 600 ਰੁਪਏ ਤੇ ਦੂਜੇ ਵੱਲੋਂ 750 ਰੁਪਏ ਦੱਸੀ ਗਈ, ਜਦੋਂ ਕਿ ਡੇਂਗੂ ਸਬੰਧੀ ਟੈਸਟ ਕਿੱਟ ਦੀ ਕੀਮਤ ਕਾਫ਼ੀ ਘੱਟ ਦੱਸੀ ਜਾਂਦੀ ਹੈ। ਇਸ ਦੌਰਾਨ ਕਾਂਗਰਸੀ ਆਗੂ ਭੁਪਿੰਦਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਲੈਬਾਰਟਰੀ ਸੰਚਾਲਕ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਲੈਬਾਰਟਰੀ ਅੱਗੇ ਟੈਸਟਾਂ ਦੀ ਫ਼ੀਸ ਲਿਖਤੀ ਰੂਪ ਵਿਚ ਦੱਸਣ। ਇਸ ਮਾਮਲੇ ਸਬੰਧੀ ਬਠਿੰਡਾ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਾਨੀ ਦਿੱਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ।