ਬਠਿੰਡਾ: ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ‘ਮਜ਼ਦੂਰ ਮੁਕਤੀ ਮੋਰਚਾ ਪੰਜਾਬ’ ਵੱਲੋਂ ਇੱਥੇ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਦਿਨ-ਰਾਤ ਦਾ ਧਰਨਾ ਅੱਜ 44ਵੇਂ ਦਿਨ ਵੀ ਜਾਰੀ ਰਿਹਾ। ਮਜ਼ਦੂਰ ਆਗੂ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ ਅਤੇ 7 ਅਕਤੂਬਰ ਨੂੰ ਬਠਿੰਡਾ ’ਚ ਵੱਡਾ ਇਕੱਠ ਕਰਕੇ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਕਿਸਾਨਾਂ ਨੂੰ ਕਦੋਂ ਦਾ ਮਿਲ ਚੁੱਕਾ ਹੈ ਪਰ ਖੇਤ ਮਜ਼ਦੂਰਾਂ ਨੂੰ ਇਸ ਖਰਾਬੇ ਲਈ ਸਰਕਾਰ ਨੇ ਨਾ ਤਾਂ ਪਿਛਲੇ ਸਾਲ ਅਤੇ ਨਾ ਹੀ ਹੁਣ ਕੋਈ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਆਵਜ਼ਾ ਫੌਰੀ ਦਿੱਤਾ ਜਾਵੇ। ਉਨ੍ਹਾਂ ਮਗਨਰੇਗਾ ਕਾਮਿਆਂ ਦੀ ਦਿਹਾੜੀ 700 ਰੁਪਏ ਕਰਨ ਤੇ ਪੂਰਾ ਸਾਲ ਕੰਮ ਦੇਣ ਦੀ ਮੰਗ ਵੀ ਕੀਤੀ। -ਨਿੱਜੀ ਪੱਤਰ ਪ੍ਰੇਰਕ