ਸ਼ਗਨ ਕਟਾਰੀਆ
ਬਠਿੰਡਾ, 16 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ। ਇਸ ਤੋਂ ਪਹਿਲਾਂ ਪੱਤਰ ਦੇਣ ਪਹੁੰਚੇ ਸੈਂਕੜੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਤਲਖ਼ ਮਾਹੌਲ ਬਣ ਗਿਆ।
ਕਿਸਾਨ ਚਾਹੁੰਦੇ ਸਨ ਕਿ ਮੰਗ ਪੱਤਰ ਡੀਸੀ ਜਾਂ ਏਡੀਸੀ ਵਿੱਚੋਂ ਕੋਈ ਇੱਕ ਅਧਿਕਾਰੀ ਲਵੇ ਕਿਉਂਕਿ ਉਹ 2 ਵਜੇ ਆਉਣ ਦੀ ਅਗਾਊਂ ਸੂਚਨਾ ਦੇ ਕੇ ਆਏ ਹਨ, ਜਦਕਿ ਪ੍ਰਸ਼ਾਸਨ ਅਨੁਸਾਰ ਦੋਵੇਂ ਅਧਿਕਾਰੀ ਇਹ ਕੰਮ ਐੱਸਡੀਐੱਮ ਨੂੰ ਦੇ ਕੇ ਕਿਸੇ ਸਰਕਾਰੀ ਕੰਮ ਲਈ ਬਾਹਰ ਗਏ ਹੋਏ ਹਨ। ਇਸ ’ਤੇ ਰੋਹ ਵਿੱਚ ਆਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ ਅਤੇ ਕਾਫ਼ੀ ਦੇਰ ਮਗਰੋਂ ਡੀਸੀ ਸ਼ੌਕਤ ਅਹਿਮਦ ਪਰੇ ਵੱਲੋਂ ਮੰਗ ਪੱਤਰ ਲਏ ਜਾਣ ’ਤੇ ਘਿਰਾਓ ਖ਼ਤਮ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ‘ਐੱਮਐੱਸਪੀ ਗਾਰੰਟੀ ਹਫ਼ਤਾ’ ਮਨਾਉਂਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਏ ਕਿ ਮੋਦੀ ਸਰਕਾਰ ਫ਼ਸਲਾਂ ਦੀ ਐੱਮਐੱਸਪੀ ਅਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇ ਕੀਤੇ ਲਿਖ਼ਤੀ ਵਾਅਦੇ ਤੋਂ ਮੁੱਕਰ ਚੁੱਕੀ ਹੈ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸਰਕਾਰੀ ਖ਼ਰੀਦ ਦਾ ਭੋਗ ਪਾਉਣ ਅਤੇ ਐੱਫਸੀਆਈ ਨੂੰ ਤੋੜਨ ਵਰਗੀਆਂ ਸਿਫ਼ਾਰਸ਼ਾਂ ਕਰਨ ਵਾਲੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਰੱਦ ਕੀਤੀ ਜਾਵੇ।
ਬੀਬਾ ਹਰਿੰਦਰ ਬਿੰਦੂ ਅਤੇ ਪਰਮਜੀਤ ਕੌਰ ਕੋਟੜਾ ਨੇ ਮੰਗ ਕੀਤੀ ਕਿ ਏਪੀਐੱਮਸੀ ਐਕਟ 1961 ਨੂੰ ਬਹਾਲ ਕਰਕੇ ਇਸ ਵਿੱਚ ਵੱਖ-ਵੱਖ ਮੌਕਿਆਂ ’ਤੇ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਆਗੂਆਂ ਨੇ ਮੰਗ ਕੀਤੀ ਗਈ ਕਿ ਜਨਤਕ ਵੰਡ ਪ੍ਰਣਾਲੀ ’ਚ ਸਭਨਾਂ ਗਰੀਬ ਲੋਕਾਂ ਨੂੰ ਸ਼ਾਮਲ ਕਰਕੇ ਅਨਾਜ ਸਮੇਤ ਸਾਰੀਆਂ ਲੋੜੀਂਦੀਆਂ ਵਸਤਾਂ ਨੂੰ ਸਰਕਾਰ ਖ਼ਰੀਦੇ ਤੇ ਭੰਡਾਰ ਕਰੇ ਅਤੇ ਲੋੜਵੰਦ ਲੋਕਾਂ ਨੂੰ ਸਸਤੇ ਭਾਅ ’ਤੇ ਮੁਹੱਈਆ ਕਰਵਾਏ।
ਇਸ ਮੌਕੇ ਐੱਫਸੀਆਈ ਨੂੰ ਮਜ਼ਬੂਤ ਕਰਨ ਅਤੇ ਅਡਾਨੀ ਵਰਗਿਆਂ ਦੇ ਸਾਇਲੋ ਗੋਦਾਮਾਂ ਨੂੰ ਬੰਦ ਕਰਵਾਉਣ ਦੀ ਮੰਗ ਵੀ ਉਠਾਈ ਗਈ। ਇਸ ਨੂੰ ਜਗਦੇਵ ਸਿੰਘ ਜੋਗੇਵਾਲਾ, ਮਾਸਟਰ ਸੁਖਦੇਵ ਸਿੰਘ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ, ਗੁਰਤੇਜ ਸਿੰਘ ਗੁਰੂਸਰ, ਰਾਜਵਿੰਦਰ ਸਿੰਘ ਰਾਮਨਗਰ ਅਤੇ ਹੁਸ਼ਿਆਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ ਨੇ ਸੰਬੋਧਨ ਕੀਤਾ।