ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਅਕਤੂਬਰ
ਅੱਜ ਇੱਥੇ ਵੱਖ-ਵੱਖ ਸੰਗਠਨਾਂ ਨੇ ਪੰਜਾਬ ਸਰਕਾਰ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਆਹਲੂਵਾਲੀਆ ਵੱਲੋਂ ਪੰਜਾਬ ਸਰਕਾਰ ਨੂੰ ਅਰਥਚਾਰੇ ਦੀ ਮਜ਼ਬੂਤੀ ਲਈ ਕੀਤੀਆਂ ਸਿਫ਼ਾਰਸ਼ਾਂ ਲੋਕ ਵਿਰੋਧੀ ਹਨ। ਇਨ੍ਹਾਂ ’ਚ ਨਿਮਨ ਅਤੇ ਮੱਧ ਸ਼੍ਰੇਣੀ ਨੂੰ ਮਿਲਦੀਆਂ ਸਹੂਲਤਾਂ ਛਾਂਗਣ ਲਈ ਕਿਹਾ ਗਿਆ ਹੈ ਤੇ ਸਿਆਸਤਦਾਨਾਂ ਅਤੇ ਪੂੰਜੀਪਤੀਆਂ ਲਈ ਕਿਸੇ ਜ਼ਾਬਤੇ ਦਾ ਕਿਤੇ ਕੋਈ ਜ਼ਿਕਰ ਨਹੀਂ। ਮੁਜ਼ਾਹਰਾਕਾਰੀਆਂ ਨੇ ਸਿਫ਼ਾਰਸ਼ਾਂ ਰੱਦ ਕਰਨ ਦੀ ਮੰਗ ਕੀਤੀ।
ਇੱਥੋਂ ਟੀਚਰ ਹੋਮ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵੱਲ ਰੋਸ ਮਾਰਚ ਕਰਨ ਜਾ ਰਹੇ ਵਿਖਾਵਾਕਾਰੀਆਂ ਨੂੰ ਪੁਲੀਸ ਨੇ ਰਸਤੇ ਵਿਚ ਹੀ ਰੋਕ ਲਿਆ। ਵਿਖਾਵਾਕਾਰੀਆਂ ਨੇ ਉੱਥੇ ਹੀ ਨਾਅਰੇਬਾਜ਼ੀ ਕਰਦਿਆਂ ਪੁਤਲੇ ਫੂਕੇ। ਬੁਲਾਰਿਆਂ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਕੇਂਦਰੀ ਪੈਟਰਨ ਅਨੁਸਾਰ ਦੇਣ, ਵਿਕਾਸ ਟੈਕਸ ’ਚ ਵਾਧੇ ਦੀ ਨੀਤੀ ਰੱਦ ਕਰਨ, ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਵਿਚ ਪੱਕਾ ਕਰਨ, ਵੈੱਲਫੇਅਰ ਐਕਟ-2016 ਨੂੰ ਇੰਨ-ਬਿੰਨ ਲਾਗੂ ਕਰਨ, ਸਰਕਾਰੀ ਵਿਭਾਗਾਂ ਦੇ ਨਿੱਜੀਕਰਨ, ਪੰਚਾਇਤੀਕਰਨ, ਪੁਨਰਗਠਨ ਦੀ ਨੀਤੀ ਰੱਦ ਕਰਨ ਦੀ ਮੰਗ ਕੀਤੀ।
ਮੁਜ਼ਾਹਰਾਕਾਰੀਆਂ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ, ਲਹਿਰਾ ਮੁਹੱਬਤ ਥਰਮਲ ਜਥੇਬੰਦੀ ਦੇ ਆਗੂ ਜਗਰੂਪ ਸਿੰਘ, ਪਾਵਰਕੌਮ ਜ਼ੋਨ ਬਠਿੰਡਾ ਦੇ ਗੁਰਵਿੰਦਰ ਪੰਨੂ, ਸੰਦੀਪ ਖ਼ਾਨ, ਰਾਜੇਸ਼ ਮੌੜ, ਅਸ਼ਵਨੀ ਘੁੱਦਾ, ਵਿਕਾਸ ਰਾਮਪੁਰਾ, ਅੰਕੁਸ਼ ਸਿੰਗਲਾ, ਗੁਰਵਿੰਦਰ ਮਹਿਮਾ, ਅਮਰੀਕ ਸਿੰਘ ਤੇ ਰੰਗ ਸਿੰਘ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਬਹਾਨੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਦੇ ਨਾਂ ਹੇਠ ਬਣਾਈ ਗਈ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਖ਼ਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਮੌਂਟੇਕ ਸਿੰਘ ਆਹਲੂਵਾਲੀਆ ਦੇ ਪੁਤਲੇ ਨੂੰ ਲਾਂਬੂ ਲਾ ਕੇ ਤਿੱਖਾ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਖੰਡਾ ਪਾਰਕ ਵਿਚ ਲਾਏ ਧਰਨੇ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਬੂਟਾ ਸਿੰਘ ਵਾਕਫ, ਕੁਲਦੀਪ ਸ਼ਰਮਾ ਖੁੱਡੀਆਂ, ਨਰਿੰਦਰ ਬੇਦੀ ਤੇ ਪਰਮਿੰਦਰ ਖੋਖਰ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਦੀਆਂ ਤੁੱਛ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।