ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਅਧਿਆਪਕਾਂ ਦੀਆਂ ਦੋਹਰੀਆਂ ਡਿਊਟੀਆਂ ਦਾ ਵਿਰੋਧ ਕੀਤਾ ਹੈ। ਡੀਟੀਐੱਫ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜਿਥੇ ਅਧਿਆਪਕਾਂ ਨੂੰ ਸਕੂਲਾਂ ਅੰਦਰ ਨਵੇਂ ਨਵੇਂ ਪ੍ਰਜੈਕਟਾਂ ਤਹਿਤ ਸਿਲੇਬਸਾਂ ਦੀ ਪੜਾਈ ਤੋਂ ਦੂਰ ਕੀਤਾ ਹੋਇਆ ਹੈ ਉਥੇ ਅਧਿਆਪਕਾਂ ਦੀਆਂ ਬੀਐੱਲਓ ਡਿਊਟੀਆਂ ਲਾ ਕੇ ਪੜ੍ਹਾਈ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ| ਆਗੂਆਂ ਨੇ ਆਖਿਆ ਕਿ ਇਨ੍ਹੀਂ ਦਿਨੀਂ ਅਧਿਆਪਕ ਸਕੂਲੀ ਖੇਡਾਂ ’ਚ ਰੁੱਝੇ ਹੋਏ ਉਥੇ ਪੇਂਡੂ ਉਲੰਪਿਕ ਖੇਡਾਂ ’ਚ ਵੀ ਡਿਊਟੀਆਂ ਲੱਗੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵਿਧਾਨ ਸਭਾ ਹਲਕਾ ਭੁੱਚੋ ਸਮੂਹ ਬੀਐਲਓ ਨੂੰ ਪੱਤਰ ਜਾਰੀ ਕਰਕੇ ਵੋਟਾਂ ਨਾਲ ਆਧਾਰ ਲਿੰਕ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਦੱਸਿਆ ਕਿ ਅਧਿਆਪਕਾਂ ਲਈ ਇੱਕੋ ਸਮੇਂ ਦੋ ਡਿਊਟੀਆਂ ਕਰਨੀਆਂ ਅਸੰਭਵ ਹਨ। ਜੇਕਰ ਅਧਿਆਪਕਾਂ ਦੀਆਂ ਬੀਐਲਓ ਜਿਹੀਆਂ ਗੈਰ ਵਿਦਿਅਕ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਅਧਿਆਪਕਾਂ ਦੀ ਬੀਐਲਓ ਡਿਊਟੀ ਕੱਟ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਕੰਮ ਲਈ ਨਿਯੁਕਤ ਕੀਤਾ ਜਾਵੇ।