ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 10 ਫ਼ਰਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਹੀ ਪੰਜਾਬ ਦੇ ਹਿੱਤਾਂ ਦੀ ਸਹੀ ਰਖਵਾਲੀ ਕਰ ਸਕਦੀ ਹੈ। ਇਹ ਕਾਂਗਰਸ ਹੀ ਹੈ ਜੋ ਹਰ ਵਰਗ ਦੇ ਸਤਿਕਾਰ ਅਤੇ ਬਹੁਮੁਖੀ ਵਿਕਾਸ ਦੀ ਪਹਿਰੇਦਾਰ ਹੈ, ਜਦੋਂ ਕਿ ਵਿਰੋਧੀ ਧਿਰਾਂ ਕੋਲ ਅੱਜ ਪੰਜਾਬ ਦੇ ਹਿੱਤ ਲਈ ਕੋਈ ਏਜੰਡਾ ਨਹੀਂ। ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸ਼ਹਿਰ ਦੇ ਜੁਝਾਰ ਸਿੰਘ ਨਗਰ, ਮਾਲ ਰੋਡ, ਬਾਬਾ ਦੀਪ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਝੁੱਗੀਆਂ ਗ੍ਰੀਨ ਸਿਟੀ, ਗਣੇਸ਼ਾ ਬਸਤੀ, ਬੀਬੀ ਵਾਲਾ ਰੋਡ, ਮਹਿਣਾ ਚੌਕ ਅਤੇ ਜੈਨ ਸਭਾ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਦੂਜੀ ਵਾਰ ਸਰਕਾਰ ਬਣਾਉਣ ਲਈ ਵੋਟ ਮੰਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ। ਇਨ੍ਹਾਂ ਦੇ ਗਲ਼ਾਂ ਵਿੱਚ ਸ੍ਰੀ ਬਾਦਲ ਨੇ ਪਾਰਟੀ ਦੇ ਮਫ਼ਲਰ ਪਹਿਨਾ ਕੇ ‘ਜੀ ਆਇਆਂ’ ਕਿਹਾ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਪੰਜਾਬ ਦੇ ਹਰ ਪਰਿਵਾਰ ਨੂੰ ਖੁਸ਼ਹਾਲ ਵੇਖਣਾ ਹੈ।