ਮਨੋਜ ਸ਼ਰਮਾ
ਬਠਿੰਡਾ, 16 ਅਪਰੈਲ
ਇਥੋਂ ਦੇ ਅਜੀਤ ਰੋਡ ਸਥਿਤ ਆਈਲੈਟਸ ਸੈਂਟਰਾਂ ਦੇ ਦਰਜਨਾਂ ਸੰਚਾਲਕਾਂ ਵੱਲੋਂ ਈ-ਸਕੂਲ ਦੇ ਐਮਡੀ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਬੈਨਰ ਫੜ ਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ 30 ਅਪਰੈਲ ਤੱਕ ਆਈਲੈਟਸ ਸੈਂਟਰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਆਈਲੈਟਸ ਸੈਂਟਰਾਂ ਦੀ ਅਗਵਾਈ ਕਰ ਰਹੇ ਈ.ਸਕੂਲ ਦੇ ਐੱਮਡੀ ਰੁਪਿੰਦਰ ਸਿੰਘ ਨੇ ਇਸ ਫ਼ੈਸਲੇ ਨੂੰ ਨਿਰਾਸ਼ਾ ਭਰਿਆ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਜ਼ਿਲ੍ਹੇ ਅੰਦਰ ਅਜਿਹਾ ਫ਼ੁਰਮਾਨ ਨਹੀਂ ਸੁਣਾਇਆ ਗਿਆ ਅਤੇ ਇਸ ਫ਼ੈਸਲੇ ਨਾਲ ਜਿੱਥੇ ਉਨ੍ਹਾਂ ਦੇ ਰੁਜ਼ਗਾਰ ਨੂੰ ਸੱਟ ਲੱਗੀ ਹੈ, ਉੱਥੇ ਵਿਦੇਸ਼ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨੁਕਸਾਨ ਪੁੱਜੇਗਾ। ਇਸ ਮੌਕੇ ਫ਼ੈਸਲੇ ਦੇ ਵਿਰੋਧ ਵਜੋਂ ਸ਼ਹਿਰ ਦੇ ਅਜੀਤ ਰੋਡ ’ਤੇ ਰੈਲੀ ਵੀ ਕੱਢੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਆਈਲੈਟਸ ਤੇ ਕੋਚਿੰਗ ਸੈਂਟਰ 30 ਤੱਕ ਬੰਦ ਕਰਨ ਦੇ ਹੁਕਮ
ਡੀਸੀ ਬੀ.ਸ਼੍ਰੀਨਿਵਾਸਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਵਿਦਿਆਰਥੀਆਂ ਦੇ ਇਕੱਠ ਨੂੰ ਰੋਕਣ ਲਈ ਆਈਲੈਟਸ ਅਤੇ ਕੋਚਿੰਗ ਸੈਂਟਰ 30 ਅਪਰੈਲ 2021 ਤੱਕ ਬੰਦ ਰਹਿਣਗੇ। ਜਾਰੀ ਹੁਕਮਾਂ ਮੁਤਾਬਕ ਇਸ ਦੌਰਾਨ ਸਿਰਫ਼ ਆਨਲਾਈਨ ਕਲਾਸਾਂ ਦੀ ਹੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।