ਮਨੋਜ ਸ਼ਰਮਾ
ਬਠਿੰਡਾ, 31 ਮਈ
ਜ਼ਿਲ੍ਹੇ ਦੀ ਗੋਨਿਆਣਾ ਮੰਡੀ ਦੀ ਨਗਰ ਕੌਂਸਲ ਦੇ ਪ੍ਰਧਾਨਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਅੱਜ ਆਖ਼ਰ ਕਾਂਗਰਸ ਦੇ ਪ੍ਰਧਾਨ ਮਨਮੋਹਨ ਸਿੰਘ ਧੀਂਗੜਾ ਖ਼ਿਲਾਫ਼ ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਬੀਤੀ 18 ਮਈ ਨੂੰ ਕਾਰਜ ਸਾਧਕ ਅਫ਼ਸਰ ਦੀਪਕ ਸੇਤੀਆ ਦੀ ਤਰਫੋਂ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਅਤੇ ਵਿਸ਼ਵਾਸ ਗਵਾਉਣ ਦੀ ਗੱਲ ਕਹੀ ਗਈ ਸੀ। ਜਿਸ ਨੂੰ ਦੇਖਦਿਆਂ ਨਗਰ ਕੌਂਸਲ ਦੇ ਪ੍ਰਧਾਨ ਮਨਮੋਹਨ ਸਿੰਘ ਧੀਂਗੜਾ ਨੇ ਅੱਜ 31 ਮਈ ਨੂੰ 9 ਵਜੇ ਕੌਂਸਲਰਾਂ ਨੂੰ ਮੀਟਿੰਗ ਵਿੱਚ ਸੱਦਿਆ ਅਤੇ ਬੇਭਰੋਸਗੀ ਅਤੇ ਵਿਸ਼ਵਾਸ ਗਵਾਉਣ ਦੀ ਗੱਲ ਨੂੰ ਲੈ ਕੇ ਆਪਣਾ- ਆਪਣਾ ਮੱਤ ਰੱਖਣ ਨੂੰ ਕਿਹਾ ਗਿਆ।
ਜ਼ਿਕਰਯੋਗ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਕਾਂਗਰਸ ਵਿੱਚੋਂ ਹੀ ਬਾਗੀ ਹੋਏ ਇਕ ਧੜੇ ਦੇ ਕੌਂਸਲਰ ਕਸ਼ਮੀਰੀ ਲਾਲ ਜੋ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦੋਨਾਂ ਵਿੱਚ ਕਸ਼ਮਕਸ਼ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਵੀ ਕਸ਼ਮੀਰੀ ਲਾਲ ਧੜੇ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਵਜੋਂ ਆਪਣੇ ਆਪ ਦਾ ਦਾਅਵਾ ਜਤਾਇਆ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਗੋਨਿਆਣਾ ਦਾ ਪ੍ਰਧਾਨ ਕਸ਼ਮੀਰੀ ਲਾਲ ਬਣਦੇ ਹਨ ਜਾਂ ਕੋਈ ਹੋਰ ਕੌਂਸਲਰ ਦੇ ਸਿਰ ਤਾਜ਼ ਸਜਦਾ ਹੈ।
ਮੌਕੇ ’ਤੇ ਪੁੱਜੇ ਹਲਕਾ ਵਿਧਾਇਕ ਜਗਸੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ਸਿੰਘ ਬਿੱਟੂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਗਲਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੋਵੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਦੇ ਕਾਰਜ ਬਿਨਾਂ ਭੇਦਭਾਵ ਤੋਂ ਕਰਵਾਏ ਜਾਣਗੇ।
13 ਵਿੱਚੋਂ 9 ਕੌਂਸਲਰਾਂ ਨੇ ਪ੍ਰਧਾਨ ਖ਼ਿਲਾਫ਼ ਵੋਟ ਪਾਈ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ 13 ਕੌਂਸਲਰਾਂ ਅਤੇ ਹਲਕਾ ਭੁੱਚੋ ਦੇ ਵਿਧਾਇਕ ਡਾ. ਜਗਸੀਰ ਸਿੰਘ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਨੌਂ (9) ਕੌਂਸਲਰਾਂ ਨੇ ਪ੍ਰਧਾਨ ਮਨਮੋਹਨ ਸਿੰਘ ਧੀਂਗੜਾ ਖ਼ਿਲਾਫ਼ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਹਲਕਾ ਵਿਧਾਇਕ ਜਗਸੀਰ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਪ੍ਰਧਾਨ ਖ਼ਿਲਾਫ਼ ਕੀਤਾ ਜਿਸ ਦੇ ਚੱਲਦਿਆਂ ਸੰਵਿਧਾਨਕ ਰੂਪ ਵਿੱਚ 2/3 ਵੋਟਿੰਗ ਦੇ ਚੱਲਦਿਆਂ ਧੀਂਗੜਾ ਨੂੰ ਪ੍ਰਧਾਨਗੀ ਪਦ ਤੋਂ ਖਾਰਜ ਕਰ ਦਿੱਤਾ ਗਿਆ ਹੈ।