ਸ਼ਗਨ ਕਟਾਰੀਆ
ਬਠਿੰਡਾ, 26 ਅਕਤੂਬਰ
ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਐੱਨਆਈਏ ਵੱਲੋਂ 18 ਅਕਤੂਬਰ ਨੂੰ ਮਾਰੇ ਛਾਪੇ ਖ਼ਿਲਾਫ਼ ਬੰਦ ਕੀਤਾ ਗਿਆ ਅਦਾਲਤੀ ਕੰਮਕਾਜ ਹਾਲੇ ਵੀ ਠੱਪ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ 27 ਅਕਤੂਬਰ ਤੱਕ ਮਾਮਲੇ ਬਾਰੇ ਸਪਸ਼ਟਤਾ ਨਾ ਮਿਲੀ ਤਾਂ ਅਗਲੇ ਐਕਸ਼ਨ ਦੀ ਰੂਪ-ਰੇਖ਼ਾ ਐਲਾਨੀ ਜਾਵੇਗੀ।
ਇਥੇ ਸਾਥੀ ਵਕੀਲਾਂ ਨਾਲ ਹਾਜ਼ਰ ਸ੍ਰੀ ਸ਼ਰਮਾ ਨੇ ਪ੍ਰੈਸ ਕਾਨਫਰੰਸ ’ਚ ਦੋਸ਼ ਲਾਇਆ ਕਿ ਕਰੀਬ ਵੀਹ ਸਾਲ ਤੋਂ ਵਕਾਲਤ ਕਰ ਰਹੇ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ 18 ਅਕਤੂਬਰ ਨੂੰ ਸਵੇਰੇ ਕਰੀਬ ਸਾਢੇ ਪੰਜ ਵਜੇ ਕਥਿਤ ਤੌਰ ’ਤੇ ਐੱਨਆਈਏ ਵੱਲੋਂ ਅਚਾਨਕ ਛਾਪਾ ਮਾਰ ਕੇ, ਉਨ੍ਹਾਂ ਦੇ ਘਰ ਵਿਚਲੇ ਬੈੱਡ ਰੂਮਾਂ ਤੱਕ ਦੀ ਤਲਾਸ਼ੀ ਲਈ ਗਈ ਪਰ ਟੀਮ ਨੂੰ ਉੱਥੋਂ ਕੋਈ ਵੀ ਗ਼ੈਰ ਕਾਨੂੰਨੀ ਚੀਜ਼ ਨਹੀਂ ਸੀ ਮਿਲੀ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਸ੍ਰੀ ਸਿੱਧੂ ਦਾ ਮੋਬਾਈਲ ਫ਼ੋਨ ਲੈ ਕੇ ਉਸ ਦੀ ਜਾਂਚ ਕੀਤੀ ਗਈ, ਫ਼ੋਨ ਦਾ ਸਿੰਮ ਉਨ੍ਹਾਂ ਦੇ ਭਤੀਜੇ ਸਿਮਰਨ ਦੇ ਨਾਂ ’ਤੇ ਸੀ। ਟੀਮ ਨੇ ਸਿਮਰਨ ਦੇ ਨਾਂ ’ਤੇ ਕਾਰਵਾਈ ਕਰਨੀ ਚਾਹੀ ਤਾਂ ਸਿੱਧੂ ਨੇ ਸਪਸ਼ਟ ਕੀਤਾ ਕਿ ਇਹ ਮੋਬਾਈਲ ਫ਼ੋਨ ਉਨ੍ਹਾਂ ਕੋਲ ਹੈ ਅਤੇ ਉਹ ਕਈ ਸਾਲਾਂ ਤੋਂ ਇਸ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਟੀਮ ਸਿੱਧੂ ਦੇ ਨਾਂ ’ਤੇ ਰਿਪੋਰਟ ਤਿਆਰ ਕਰਨ ਲਈ ਰਾਜ਼ੀ ਹੋਈ।
ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਰੋਸ ਵਜੋਂ ਜ਼ਿਲ੍ਹਾ ਬਾਰ ਐਸੋਸੀਏਸਨ ਦੇ ਸੱਦੇ ’ਤੇ ਵਕੀਲਾਂ ਵੱਲੋਂ ਕਚਿਹਰੀਆਂ ਦਾ ਕੰਮ ਬੰਦ ਕੀਤਾ ਗਿਆ, ਜੋ ਅਜੇ ਵੀ ਠੱਪ ਪਿਆ ਹੈ। ਉਨ੍ਹਾਂ ਦੱਸਿਆ ਕਿ ਐੱਨਆਈਏ ਵੱਲੋਂ 27 ਅਕਤੂਬਰ ਤੱਕ ਰਿਪੋਰਟ ਬਾਰੇ ਤੱਥ ਸਪਸ਼ਟ ਨਾ ਕੀਤੇ ਗਏ ਤਾਂ ਐਸੋਸੀਏਸ਼ਨ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਐਲਾਨੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਬਾਰ ਕੌਂਸਲ ਕੋਲ ਵੀ ਪੱਖ ਰੱਖਿਆ ਗਿਆ ਹੈ ਅਤੇ ਕੌਂਸਲ ਵੱਲੋਂ ਐੱਨਆਈਏ ਨਾਲ ਰਾਬਤਾ ਵੀ ਕਾਇਮ ਕੀਤਾ ਗਿਆ ਹੈ।
ਉਨ੍ਹਾਂ ਸਵਾਲ ਦੇ ਜਵਾਬ ’ਚ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸ੍ਰੀ ਸਿੱਧੂ ਅਮਨਦੀਪ ਸਿੰਘ ਵਾਸੀ ਕਰਾੜਵਾਲਾ ਦੇ ਕੇਸਾਂ ਦੀ ਪੈਰਵੀ ਕਰ ਰਹੇ ਹਨ, ਜਿਸ ਕਰਕੇ ਇਹ ਕਾਰਵਾਈ ਹੋਈ ਹੈ। ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅਮਨਦੀਪ ਵਿਰੁੱਧ ਕਤਲਾਂ, ਇਰਾਦਾ ਕਤਲਾਂ ਸਮੇਤ ਕਰੀਬ ਪੌਣੇ ਦਰਜਨ ਕੇਸ ਦਰਜ ਹਨ, ਜਿਨ੍ਹਾਂ ’ਚੋਂ ਕਰੀਬ ਪੰਜ ਕੇਸਾਂ ਵਿੱਚ ਉਹ ਪੈਰਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਵਕਾਲਤ ਕਰਨਾ ਇੱਕ ਪੇਸ਼ਾ ਹੈ, ਇਸ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੂਰਿਆ ਕਾਂਤ ਸਿੰਗਲਾ, ਸਕੱਤਰ ਸੁਨੀਲ ਕੁਮਾਰ ਤਿ੍ਰਪਾਠੀ, ਕੈਸ਼ੀਅਰ ਸਤਵੀਰ ਕੌਰ ਸਿੱਧੂ, ਗੁਰਪ੍ਰੀਤ ਸਿੰਘ ਮੌੜ ਵੀ ਹਾਜ਼ਰ ਸਨ।
ਹੜਤਾਲ ਕਾਰਨ ਆਮ ਲੋਕ ਹੋ ਰਹੇ ਖੁਆਰ
ਵਕੀਲਾਂ ਦੀ ਹੜਤਾਲ ਕਾਰਨ ਜਿਥੇ ਰੋਜ਼ਾਨਾ ਦਾ ਅਦਾਲਤੀ ਕੰਮਕਾਜ ਪ੍ਰਭਾਵਿਤ ਹੋਇਆ ਹੈ ਉਥੇ ਅਦਾਲਤੀ ਕੰਮਕਾਰ ਵਾਲੇ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਦੀਆਂ ਕਰੀਬ 20 ਅਦਾਲਤਾਂ ’ਚ ਲਗਪਗ 2500 ਕੇਸਾਂ ਦੀ ਸੁਣਵਾਈ ਰੋਜ਼ਾਨਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਦੂਰ ਦਰਾਜ ਤੋਂ ਆਉਂਦੇ ਗਵਾਹਾਂ ਨੂੰ ਗਵਾਹੀ ਦਿੱਤੇ ਬਗ਼ੈਰ ਵਾਪਸ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਦਾਲਤੀ ਹਿਰਾਸਤ ’ਚ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋਣ ਵਿੱਚ ਵੀ ਅੜਚਨ ਬਣੀ ਹੋਈ ਹੈ।