ਮਨੋਜ ਸ਼ਰਮਾ
ਬਠਿੰਡਾ, 7 ਨਵੰਬਰ
ਪੰਜਾਬ ਦੀ ਸੱਤਾ ’ਤੇ ਕਾਬਜ਼ ਕਾਂਗਰਸ ਪਾਰਟੀ ’ਚ ਅੰਦਰੂਨੀ ਕਲੇਸ਼ ਅਜੇ ਵੀ ਜਾਰੀ ਹੈ। ਜਿਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਵਿਚ ਲਗਾਏ ਗਏ ਫਲੈਕਸ ਬੋਰਡਾਂ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੋਟੋ ਗਾਇਬ ਹੈ, ਉਥੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਅਸਿੱਧੇ ਰੂਪ ਵਿੱਚ ਵਿੱਤ ਮੰਤਰੀ ਖ਼ਿਲਾਫ਼ ਭੜਾਸ ਕੱਢੀ ਗਈ ਹੈ। ਨਵਜੋਤ ਸਿੱਧੂ ਦੀ ਤਸਵੀਰ ਗਾਇਬ ਹੋਣ ਨਾਲ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ।
ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਠਿੰਡਾ ਸ਼ਹਿਰ ਦੇ ਰੋਜ਼ ਗਾਰਡਨ ’ਚ ਬਠਿੰਡਾ ਵਾਸੀਆਂ ਨੂੰ ਮਿਲਣਾ ਅਤੇ ਉਨ੍ਹਾਂ ਵੱਲੋਂ ਵਿੱਤ ਮੰਤਰੀ ਨੂੰ ਨਿਸ਼ਾਨੇ ’ਤੇ ਰੱਖਣ ਵਾਲੀਆਂ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ ਹਨ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਦੇ ਕਿਸੇ ਸਮੇਂ ਖਾਸ ਰਹੇ ਬਠਿੰਡਾ ਦਿਹਾਤੀ ਦੇ ਸੇਵਾਦਾਰ ਹਰਵਿੰਦਰ ਸਿੰਘ ਲਾਡੀ ਵੱਲੋਂ ਵਿੱਤ ਮੰਤਰੀ ਖਿਲਾਫ਼ ਪਿਛਲੇ ਸਮੇਂ ਮੋਰਚਾ ਖੋਲ੍ਹਿਆ ਗਿਆ ਹੈ। ਸਿਆਸੀ ਸਮਝ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲੜਾਈ ਇਸੇ ਤਰ੍ਹਾਂ ਹੀ ਜਾਰੀ ਰਹੀ ਤਾਂ ਯਕੀਨਨ ਕਾਂਗਰਸ ਨੂੰ ਮਾਲਵਾ ਖੇਤਰ ਵਿੱਚ ਵੱਡੀ ਮਾਰ ਦਾ ਸਾਹਮਣਾ ਕਰਨਾ ਪਵੇਗਾ।