ਪੱਤਰ ਪ੍ਰੇਰਕ
ਬਠਿੰਡਾ, 9 ਅਕਤੂਬਰ
ਨਾਟਿਅਮ ਪੰਜਾਬ ਵੱਲੋਂ ਚੇਅਰਮੈਨ ਕਸ਼ਿਸ਼ ਗੁਪਤਾ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਨਿਰਦੇਸ਼ਕ ਕੀਰਤੀ ਕ੍ਰਿਪਾਲ ਦੀ ਅਗਵਾਈ ਹੇਠ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 8ਵੀਂ ਸ਼ਾਮ ਨੂੰ ਏ.ਵੀ.ਆਰ ਸਕੂਲ ਆਫ ਡਰਾਮਾ, ਗੁਰੂਗ੍ਰਾਮ ਦੇ ਕਲਾਕਾਰ ਦਰਸ਼ਕਾਂ ਦੇ ਸਨਮੁੱਖ ਹੋਏ। ਇਸ ਟੀਮ ਵੱਲੋਂ ਸਿਆਦਤ ਹਸਨ ਮੰਟੋ ਦਾ ਲਿਖਿਆ ਨਾਟਕ ਲਾਈਸੈਂਸ ਨਿਰਦੇਸ਼ਕ ਅਸ਼ੋਕ ਭਾਖੜੀ ਦੀ ਨਿਰਦੇਸ਼ਨਾ ਹੇਠ ਹਿੰਦੁਸਤਾਨੀ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੇਸ਼ ਹੋਏ ਇਸ ਨਾਟਕ ਵਿਚ ਕਲਾਕਾਰਾਂ ਨੇ ਔਰਤਾਂ ’ਤੇ ਹੁੰਦੇ ਅੱਤਿਆਚਾਰਾਂ ਬਾਰੇ ਪੇਸ਼ਕਾਰੀ ਦਿੱਤੀ। ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੇਸ਼ ਹੋਏ ਇਸ ਨਾਟਕ ਵਿਚ ਕਲਾਕਾਰਾਂ ਨੇ ਔਰਤਾਂ ‘ਤੇ ਹੁੰਦੇ ਅੱਤਿਆਚਾਰਾਂ ਬਾਰੇ ਪੇਸ਼ਕਾਰੀ ਦਿੱਤੀ, ਜਿਸ ਵਿਚ ਇਕ ਅੰਨ੍ਹੀ ਔਰਤ ਅਤੇ ਇੱਕ ਟਾਂਗੇਵਾਲੇ ਨੂੰ ਪਿਆਰ ਹੋ ਜਾਂਦਾ ਹੈ ਅਤੇ ਉਹ ਵਿਆਹ ਕਰਵਾ ਲੈਂਦੇ ਹਨ। ਪਰ ਔਰਤ ਦੇ ਪਿਤਾ ਨੂੰ ਇਹ ਗੱਲ ਮਨਜੂਰ ਨਹੀਂ ਹੁੰਦੀ। ਨਾਟਕ ਮੇਲੇ ਦੀ ਇਸ ਸ਼ਾਮ ਵਿਸ਼ੇਸ਼ ਮਹਿਮਾਨ ਡਾ. ਦਿਵਾਕਰ ਗਰਗ ਅਤੇ ਡਾ. ਸ਼ਵੇਤਾ ਗਰਗ ਸਮੇਤ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਮਾ ਰੌਸ਼ਨ ਕੀਤੀ।