ਪੱਤਰ ਪ੍ਰੇਰਕ
ਬਠਿੰਡਾ, 27 ਜਨਵਰੀ
ਗਣਤੰਤਰਤਾ ਦਿਵਸ ਵਾਲੇ ਦਿਨ ਇਥੇ ਇਕ ਮਕੈਨਿਕ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ, ਜਿਸ ਦੇ ਚਿਹਰੇ ’ਤੇ ਵਾਰ ਕੀਤੇ ਗਏ ਹਨ। ਬਠਿੰਡਾ ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ, ਜੋ ਬਠਿੰਡਾ ਦੇ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਨੇੜੇ ਕਲਕੱਤਾ ਇਲੈਕਟ੍ਰੋਨਿਕਸ ਨਾਮੀ ਦੁਕਾਨ ਵਿੱਚ ਬੈਟਰੀਆਂ ਦੇ ਮਕੈਨਿਕ ਵਜੋਂ ਦੁਕਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਅਨੁਸਾਰ ਜਗਜੀਤ ਸਿੰਘ ਦੁਕਾਨ ਤੋਂ ਅਕਸਰ ਦੇਰੀ ਨਾਲ ਘਰ ਆਉਂਦਾ ਸੀ ਤੇ ਬੀਤੀ ਰਾਤ ਵੀ ਉਹ ਘਰ ਨਹੀਂ ਪਹੁੰਚਿਆ, ਜਦੋਂ ਸਵੇਰੇ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਦੁਕਾਨ ‘ਤੇ ਉਸ ਦੀ ਖੂਨ ਨਾਲ ਲੱਥ-ਪੱਥ ਲਾਸ਼ ਪਈ ਸੀ। ਘਟਨਾ ਸਥਾਨ ਤੋਂ ਖ਼ੂਨ ਨਾਲ ਲਬਿੜੀ ਹੋਈ ਨਲਕੇ ਦੀ ਹੱਥੀ ਮਿਲੀ ਹੈ ਤੇ ਹੋਰ ਵੀ ਸਾਮਾਨ ਖਿਲਰਿਆ ਪਿਆ ਮਿਲਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।