ਸ਼ਗਨ ਕਟਾਰੀਆ
ਬਠਿੰਡਾ, 20 ਜੁਲਾਈ
ਮੌੜ ਹਲਕੇ ਤੋਂ ‘ਆਪ’ ਦੇ ਬਾਗੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਯੂਏਪੀਏ (ਯੂਆਪਾ ਕਾਨੂੰਨ) ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਕੂਮਤਾਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਇਸ ਕਾਨੂੰਨ ਨੂੰ ਢਾਲ ਬਣਾ ਕੇ ਵਰਤ ਰਹੀਆਂ ਹਨ।
ਉਨ੍ਹਾਂ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਵਾਪਰੇ ਮੌੜ ਬੰਬ ਕਾਂਡ ਨੂੰ ਰਾਜਸੀ ਸਾਜ਼ਿਸ਼ ਦੱਸਦਿਆਂ ਦੁਖਾਂਤ ਦੇ ਦੋਸ਼ੀਆਂ ਦੇ ਅਜੇ ਤੱਕ ਕਾਨੂੰਨੀ ਗ੍ਰਿਫ਼ਤ ਤੋਂ ਬਾਹਰ ਹੋਣ ਲਈ ਸਰਕਾਰ ਦੀ ਨੀਅਤ ’ਤੇ ਸੁਆਲ ਖੜ੍ਹੇ ਕੀਤੇ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਕਮਾਲੂ ਨੇ ਆਖਿਆ ਕਿ ਕਰੋਨਾ ਸੰਕਟ ਅਤੇ ਉੱਪਰੋਂ ਸਰਕਾਰਾਂ ਦੇ ਕੁਪ੍ਰਬੰਧਾਂ ਸਦਕਾ ਲੋਕ ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਸਮੇਂ ਸੱਤਾਧਾਰੀ ਯੂਆਪਾ ਕਾਨੂੰਨ ਨੂੰ ਹੱਕ ਮੰਗਦੇ ਲੋਕਾਂ ਵਿਰੁੱਧ ਦਹਿਸ਼ਤਜ਼ਦਾ ਮਾਹੌਲ ਸਿਰਜਣ ਲਈ ਵਰਤ ਰਹੇ ਹਨ।
ਉਨ੍ਹਾਂ ਇਹ ਕਾਨੂੰਨ ਫੌਰੀ ਵਾਪਸ ਲਏ ਜਾਣ ਦੀ ਮੰਗ ਕੀਤੀ। ਮੌੜ ਬੰਬ ਕਾਂਡ ਨੂੰ ਇਸ ਕਾਨੂੰਨ ਨਾਲ ਜੋੜ ਕੇ ਵਿਧਾਇਕ ਨੇ ਪ੍ਰਸ਼ਨ ਚੁੱਕਿਆ ਕਿ ‘ਦੇਸ਼ ਨੂੰ ਤੋੜਨ’ ਦਾ ਦੋਸ਼ ਮੜ੍ਹ ਕੇ ਮਿੰਟਾਂ ’ਚ ਲੋਕਾਂ ’ਤੇ ਇਹ ਕਾਨੂੰਨ ਮੜ੍ਹਨ ਵਾਲਿਆਂ ਨੂੰ ਸਾਢੇ ਤਿੰਨ ਸਾਲ ਮਗਰੋਂ ਵੀ ਕੀ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਬ ਕਾਂਡ ਦੀ ਪਿੱਠਵਰਤੀ ਭੂਮਿਕਾ ਕਿਸ ਦੀ ਸੀ?
ਉਨ੍ਹਾਂ ਕਿਹਾ ਕਿ ਚੋਣਾਂ ’ਚ ਲਾਹਾ ਲੈਣ ਲਈ ਕੁਝ ਸਿਆਸੀ ਧਿਰਾਂ ਬੰਦਿਆਂ ਨੂੰ ਮਰਵਾ ਦਿੰਦੀਆਂ ਹਨ ਅਤੇ ਇਹ ਵੀ ਅਜਿਹਾ ਹੀ ਹੋਇਆ।
ਸ੍ਰੀ ਕਮਾਲੂ ਨੇ ਕਿਹਾ ਕਿ ਆਪਣੇ ਦਸ ਸਾਲਾਂ ਦੇ ਕਾਰਜਕਾਲ ਮੌਕੇ ਅਕਾਲੀ-ਭਾਜਪਾ ਸਰਕਾਰ ਨੇ ਨਹਿਰੀ ਕੋਠੀਆਂ ਤੇ ਹੋਰ ਥਾਵਾਂ ਕੌਡੀਆਂ ਦੇ ਭਾਅ ਆਪਣੇ ਕਰੀਬੀਆਂ ਨੂੰ ਲੁਟਾਈਆਂ ਅਤੇ ਹੁਣ ਉਹੋ ਰਾਹ ਕਾਂਗਰਸ ਸਰਕਾਰ ਨੇ ਚੁਣਿਆ ਹੈ ਤੇ ਬਠਿੰਡਾ ਦੇ ਥਰਮਲ ਪਲਾਂਟ ਨੂੰ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਬਾਦਲ ਹਕੂਮਤ ’ਤੇ ਨਿੱਜੀ ਥਰਮਲ ਕੰਪਨੀਆਂ ਨਾਲ ਗ਼ੈਰ ਵਾਜਬ ਸਮਝੌਤੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਦੇ ਨਵੀਨੀਕਰਨ ’ਤੇ ਖ਼ਰਚੇ ਕਰੀਬ 780 ਕਰੋੜ ਦੀ ਮਸ਼ੀਨਰੀ ਮੌਜੂਦਾ ਸਰਕਾਰ ਵੱਲੋਂ ਵੇਚੇ ਜਾਣ ਦਾ ਮਾਮਲਾ ਵੀ ਜਾਂਚ ਦਾ ਵਿਸ਼ਾ ਹੈ।