ਪੱਤਰ ਪ੍ਰੇਰਕ
ਬਠਿੰਡਾ, 21 ਅਕਤੂਬਰ
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਕੈਂਪਸ ਵਿੱਚ ਸਾਲਾਨਾ ਮੈਗਾ ਟੈਕਨੀਕਲ-ਲਿਟਰੇਰੀ-ਕਲਚਰਲ ਫੈਸਟੀਵਲ ‘ਤਰੰਨੁਮ-2022’ ਰੰਗ ਬਿਖੇਰਦਾ ਹੋਇਆ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ। ਸਮਾਗਮ ਦਾ ਵਿਸ਼ਾ ‘ਕਲਰਜ਼ ਆਫ਼ ਇੰਡੀਆ’ ਸੀ। ਇਸ ਸਮਾਗਮ ਵਿਚ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਤਕਨੀਕੀ ਸਮਾਗਮਾਂ, ਰਚਨਾਤਮਕ ਮੁਕਾਬਲੇ ਅਤੇ ਪ੍ਰਤਿਭਾ ਆਧਾਰਿਤ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਸਨ। ਵਿਦਿਆਰਥੀਆਂ ਨੇ ਪ੍ਰਦਰਸ਼ਨ ਕਲਾ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ ਵੱਖ ਸੱਭਿਆਚਾਰਕ, ਤਕਨੀਕੀ ਅਤੇ ਸਾਹਿਤਕ ਸਮਾਗਮਾਂ ਵਿੱਚ ਵੱਖ-ਵੱਖ ਪਹਿਲੂਆਂ ਵਿੱਚ ਹਿੱਸਾ ਲੈ ਕੇ ਖੂਬ ਆਨੰਦ ਮਾਣਿਆ। ਸਕਿੱਟ, ਗੀਤ, ਡਾਂਸ, ਰੈਪ, ਬੈਂਡ ਪਰਫਾਰਮੈਂਸ ਅਤੇ ਭੰਗੜਾ ਸਮਾਗਮ ਦੇ ਮੁੱਖ ਆਕਰਸ਼ਨ ਰਹੇ। ਪੰਜਾਬੀ ਸੂਫੀ ਗਾਇਕ ਰਜ਼ਾ ਹੀਰ ਅਤੇ ਜੀ. ਖਾਨ ਨੇ ਆਪਣੇ ਪ੍ਰਸਿੱਧ ਗੀਤ ਸੁਣਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰਪੀ.ਤਿਵਾੜੀ ਮੁੱਖ ਮਹਿਮਾਨ ਸਨ, ਜਦਕਿ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਐੱਮਆਰਐੱਸ-ਪੀਟੀਯੂ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਬੋਲਦਿਆਂ ਪ੍ਰੋ. ਤਿਵਾੜੀ ਨੇ ਅਜਿਹੇ ਤਕਨੀਕੀ-ਸਭਿਆਚਾਰਕ-ਸਾਹਿਤਕ ਦੀ ਮਹੱਤਤਾ ਬਾਰੇ ਦੱਸਿਆ ਕਿਉਂਕਿ ਇਹ ਸਮਾਗਮ ਨੌਜਵਾਨ ਮਨਾਂ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਜ਼ਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋ. ਬੂਟਾ ਸਿੰਘ ਸਿੱਧੂ ਨੇ ਇਸ ਸ਼ਾਨਦਾਰ ਤਕਨੀਕੀ-ਸਭਿਆਚਾਰਕ-ਸਾਹਿਤਕ ਮੇਲੇ ਦੇ ਸਫਲ ਆਯੋਜਨ ਲਈ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰੋ.(ਡਾ.) ਪਰਮਜੀਤ ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਸਮਾਗਮ ਦੇ ਮੁੱਖ ਕੋਆਰਡੀਨੇਟਰ ਅਤੇ ਡਾ. ਸਤਪਾਲ ਸਿੰਘ, ਸੱਭਿਆਚਾਰਕ ਕੋਆਰਡੀਨੇਟਰ ਦੀਆਂ ਟੀਮਾਂ ਨੇ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਬਹੁਤ ਮਿਹਨਤ ਕੀਤੀ। ਅੰਤ ਵਿੱਚ ਸਾਰੇ ਪਤਵੰਤਿਆਂ ਨੇ ਜੇਤੂਆਂ ਨੂੰ ਇਨਾਮ ਵੰਡੇ।