ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 18 ਜੂਨ
ਇਥੇ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਔਰਤਾਂ ਸਿਰ ਚੜ੍ਹੇ ਗਰੁੱਪ ਲੋਨ ਦੇ ਕਰਜ਼ੇ ਮੁਕਤ ਕਰਵਾਉਣ ਅਤੇ ਹੋਰ ਮਸਲਿਆਂ ਦੇ ਹੱਲ ਲਈ ਨਿਹਾਲ ਸਿੰਘ ਵਾਲਾ ਵਿੱਚ ਐੱਸਡੀਐੱਮ ਦਫ਼ਤਰ ਅੱਗੇ ਰੋਸ ਰੈਲੀ ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦਾ ਅਸਲ ਬੰਬੀਹਾ ਸਹਿਕ ਰਿਹਾ ਹੈ ਜਿਸ ਲਈ ਲੋਕ ਏਕਤਾ ਕਰਨ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾ ਭਗਵੰਤ ਸਮਾਉਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲੋਕ ਵਿਰੋਧੀ ਹਨ ਜੋ ਕਿ ਲੋੜਵੰਦ ਕਿਰਤੀਆਂ, ਗਰੀਬ ਔਰਤਾਂ ਸਿਰ ਚੜ੍ਹਿਆ ਨਗੁਣਾ ਕਰਜ਼ਾ ਮੁਆਫ਼ ਕਰਨ ਨੂੰ ਤਿਆਰ ਨਹੀਂ। ਇਸ ਦੌਰਾਨ ਇਨਕਲਾਬੀ ਨੌਜਵਾਨ ਸਭਾ ਦੇ ਹਰਮਨ ਦੀਪ ਹਿੰਮਤਪੁਰਾ, ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਤੇ ਅੰਬੇਡਕਰੀ ਆਗੂ ਡਾ. ਜਗਰਾਜ ਸਿੰਘ ਨੇ ਕਿਹਾ ਕਿ ਬੈਂਕਾਂ , ਕੰਪਨੀਆਂ ਦੇ ਕਰਿੰਦੇ ਮਜ਼ਦੂਰ ਔਰਤਾਂ ਨੂੰ ਕਰਜ਼ੇ ਭਰਨ ਲਈ ਮਜਬੂਰ ਕਰ ਰਹੇ ਹਨ ਅਤੇ ਸਮਾਜਿਕ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲਾਮਬੰਦੀ ਹੋਰ ਤੇਜ਼ ਕੀਤੀ ਜਾਵੇਗੀ। ਤਹਿਸੀਲਦਾਰ ਭੁਪਿੰਦਰ ਸਿੰਘ ਨੇ ਮੰਗ ਪੱਤਰ ਪ੍ਰਾਪਤ ਕਰਕੇ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿੱਤਾ।