ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਅਕਤੂਬਰ
ਫ਼ਿਲਮ ‘ਮਸੰਦ’ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਆ ਗਈ ਹੈ। ਬਠਿੰਡਾ ਦੇ ਐਡਵੋਕੇਟ ਰਣਬੀਰ ਸਿੰਘ ਬਰਾੜ ਨੇ ਯੂ ਟਿਊਬ ’ਤੇ ਚੱਲ ਰਹੇ ਫ਼ਿਲਮ ਦੇ ਟ੍ਰੇਲਰ ਵਿਚਲੀ ਸ਼ਬਦਾਵਲੀ ’ਤੇ ਸਖ਼ਤ ਇਤਰਾਜ਼ ਜਿਤਾਉਂਦਿਆਂ ਫ਼ਿਲਮ ’ਤੇ ਪਾਬੰਦੀ ਲਾਉਣ ਅਤੇ ਇਸ ਦੇ ਨਿਰਦੇਸ਼ਕ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਥੇ ਜ਼ਿਲ੍ਹਾ ਕਚਹਿਰੀਆਂ ’ਚ ਸਥਿਤ ਪੁਲੀਸ ਚੌਕੀ ਵਿੱਚ ਦਰਖ਼ਾਸਤ ਦਿੱਤੀ ਹੈ। ਚੌਕੀ ’ਚ ਸ਼ਿਕਾਇਤ ਦੇਣ ਪਹੁੰਚੇ ਰਣਬੀਰ ਸਿੰਘ ਬਰਾੜ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਏ ਕਿ ਫ਼ਿਲਮ ’ਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਫ਼ਿਲਮ ਵਿਚਲੇ ਪਾਤਰਾਂ ਦੇ ਇਤਰਾਜ਼ਯੋਗ ਸੰਵਾਦ ਦੱਸੇ ਕਿ ਇੱਕ ਪਾਤਰ ਆਖਦਾ ਹੈ ‘ਮੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ 307 (ਇਰਾਦਾ ਕਤਲ ਦੀ ਧਾਰਾ) ਨਹੀਂ ਲੱਗਣੀ ਚਾਹੀਦੀ ਸਗੋਂ 302 (ਕਤਲ ਦੀ ਧਾਰਾ) ਲੱਗਣੀ ਚਾਹੀਦੀ ਹੈ ਕਿਉਂ ਕਿ ਮਰਿਆ ਬੰਦਾ ਗਵਾਹੀ ਦੇਣ ਜੋਗਾ ਨਹੀਂ ਰਹਿੰਦਾ’। ਉਨ੍ਹਾਂ ਸੰਵਾਦ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਗੈਂਗਸਟਰ ਵੀ ਜਦੋਂ ਕਿਸੇ ’ਤੇ ਹਮਲਾ ਕਰਦੇ ਹਨ ਤਾਂ ਅਕਸਰ ਉਹ ਹਮਲੇ ਤੋਂ ਬਾਅਦ ਆਪਣੇ ਨਿਸ਼ਾਨੇ ਵਾਲੇ ਆਦਮੀ ਨੂੰ ਚੰਗੀ ਤਰ੍ਹਾਂ ਵੇਖ ਕੇ ਘਟਨਾ ਸਥਾਨ ਤੋਂ ਜਾਂਦੇ ਹਨ ਕਿ ਉਹ ਜਿਉਂਦਾ ਤਾਂ ਨਹੀਂ। ਐਡਵੋਕੇਟ ਨੇ ਟ੍ਰੇਲਰ ਦੇ ਇਕ ਹੋਰ ਡਾਇਲਾਗ ਦਾ ਜ਼ਿਕਰ ਕੀਤਾ ਕਿ ‘ਸਾਡੇ ਕਤਲ ਨੀ ‘ਸੋਧਣਾ’ ਕਹਿੰਦੇ ਨੇ’। ਉਨ੍ਹਾਂ ਖ਼ਦਸ਼ਾ ਜਿਤਾਇਆ ਕਿ ਪੰਜਾਬ ਦਾ ਮਾਹੌਲ ਪਹਿਲਾਂ ਹੀ ਸੁਖਾਵਾਂ ਨਹੀਂ ਹੈ ਅਤੇ ਅਜਿਹੀ ਫ਼ਿਲਮ ਅਤਿਵਾਦ ਦੇ ਪੁਨਰ ਉਭਾਰ ਲਈ ਜ਼ਮੀਨ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਸਬੰਧ ’ਚ ਉਹ ਜਲਦੀ ਅਦਾਲਤੀ ਕਾਰਵਾਈ ਕਰਨਗੇ। ਉਂਜ ਉਨ੍ਹਾਂ ਰਿਆਇਤ ਦਿੰਦਿਆਂ ਇਹ ਵੀ ਆਖਿਆ ਕਿ ਰਿਲੀਜ਼ ਕਰਨ ਤੋਂ ਪਹਿਲਾਂ ਜੇਕਰ ਧਾਰਮਿਕ ਅਤੇ ਬੁੱਧਜੀਵੀ ਲੋਕਾਂ ਨੂੰ ਵਿਖਾ ਕੇ ਫ਼ਿਲਮ ਵਿੱਚ ਲੋੜੀਂਦੀ ਸੁਧਾਈ ਕੀਤੀ ਜਾਂਦੀ ਹੈ ਤਾਂ ਉਹ ਰਿਲੀਜ਼ ਹੋਣ ’ਤੇ ਕੋਈ ਉਜਰ ਨਹੀਂ ਕਰਨਗੇ।