ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਕਤੂਬਰ
ਸਥਾਨਕ ਪੁਲੀਸ ਲਾਈਨ ਵਿੱਚ ਅੱਜ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ‘ਸ਼ਹਾਦਤ ਦਿਵਸ’ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸ਼ਹੀਦੀ ਸਮਾਗਮ ਵਿੱਚ ਸੀਨੀਅਰ ਪੁਲੀਸ ਕਪਤਾਨ ਜੇ. ਇਲਨਚੇਲੀਅਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸੀਜੇਐੱਮ ਮੁਹੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਸਮਾਗਮ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ।
ਨਿਹਾਲ ਸਿੰਘ ਵਾਲਾ/ ਮੋਗਾ (ਪੱਤਰ ਪ੍ਰੇਰਕ ): ਇੱਥੇ ਅੱਜ ਪੁਲੀਸ ਲਾਈਨ ਮੋਗਾ ਵਿੱਚ ਪੁਲੀਸ ਤੇ ਪੈਰਾ ਮਿਲਟਰੀ ਪੁਲੀਸ ਦੇ ਸ਼ਹੀਦਾਂ ਦੀ ਯਾਦ ਵਿੱਚ ਪੁਲਿਸ ਸ਼ਹੀਦੀ ਸ਼ੋਕ ਦਿਵਸ ਕਰਵਾਇਆ ਗਿਆ। ਅਤਿਵਾਦ ਦੌਰਾਨ ਮੋਗਾ ਪੁਲੀਸ ਦੇ 39 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਭੇਟ ਕਰਕੇ ਗਾਰਡ ਆਫ ਆਨਰ ਵੀ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਮੋਗਾ ਪੁਲੀਸ ਤੁਹਾਡੇ ਨਾਲ ਖੜ੍ਹੀ ਹੈ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਅੱਜ ਜ਼ਿਲ੍ਹਾ ਪੱਧਰੀ ‘ਪੁਲੀਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ, ਕਮਲਜੀਤ ਲਾਂਬਾ ਜ਼ਿਲ੍ਹਾ ਤੇ ਸ਼ੈਸ਼ਨ ਜੱਜ, ਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
ਮਾਨਸਾ (ਪੱਤਰ ਪ੍ਰੇਰਕ): ਪੁਲੀਸ ਲਾਈਨਜ਼ ਮਾਨਸਾ ਵਿੱਚ ਅੱਜ ਜ਼ਿਲ੍ਹਾ ਪੱਧਰੀ ਪੁਲੀਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਜ਼ਿਲ੍ਹਾ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਬਲਦੀਪ ਕੌਰ,ਐਸਐਸਪੀ ਗੌਰਵ ਤੂਰਾ ਅਤੇ ਰਛਪਾਲ ਸਿੰਘ ਜ਼ਿਲ੍ਹਾ ਕਮਾਂਡੈਂਟ ਹੋਮਗਾਰਡ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਪੁਲੀਸ ਯਾਦਗਾਰੀ ਦਿਵਸ ’ਤੇ ਸ਼ਹੀਦ ਜਵਾਨਾਂ ਸ਼ਰਧਾਂਜਲੀ ਭੇਂਟ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕਮਿਸ਼ਨਰ ਫਰੀਦਕੋਟ ਡਿਵੀਜ਼ਨ ਚੰਦਰ ਗੈਂਦ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਵਧੀਕ ਜਿਲ੍ਹਾ ਜੱਜ ਜਗਦੀਪ ਸਿੰਘ ਮਰੋਕ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪੁਲੀਸ ਟੁਕੜੀ ਵੱਲੋਂ ਸ਼ਹੀਦਾਂ ਨੂੰ ਗਾਰਡ ਆਫ਼ ਆਨਰ
ਫ਼ਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਲਾਈਨ ਫਾਜ਼ਿਲਕਾ ਵਿੱਚ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸ਼ਹੀਦੀ ਸਮਾਗਮ ’ਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ। ਇਸ ਦੌਰਾਨ ਐੱਸਪੀ ਹੈੱਡਕੁਆਰਟਰ ਮੋਹਨ ਲਾਲ, ਐੱਸਐੱਸਪੀ ਭੁਪਿੰਦਰ ਸਿੰਘ ਹਾਜ਼ਰ ਸਨ।