ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 8 ਮਾਰਚ
ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਕੌਮਾਂਤਰੀ ਮਹਿਲਾ ਦਿਵਸ ਅੱਜ ਇੱਥੇ ‘ਇਸਤਰੀਆਂ ਖ਼ਿਲਾਫ਼ ਅੱਤਿਆਚਾਰ ਅਤੇ ਵਿਤਕਰਿਆਂ ਦੇ ਖਾਤਮੇ ਲਈ ਜੂਝਣ ਦੇ ਸੰਕਲਪ ਦਿਹਾੜੇ ਦੇ ਬੈਨਰ ਹੇਠ ਮਨਾਇਆ ਗਿਆ। ਇਸ ਮੌਕੇ ‘ਇਸਤਰੀ ਅਧਿਕਾਰ ਪ੍ਰਾਪਤੀ ਮਾਰਚ’ ਵੀ ਕੀਤਾ ਗਿਆ ਅਤੇ ਹਰਿਆਣਾ ਦੀਆਂ ਹੜਤਾਲੀ ਆਂਗਣਵਾੜੀ ਮੁਲਾਜ਼ਮਾਂ ਉੱਪਰ ਹਰਿਆਣਾ ਸਰਕਾਰ ਵੱਲੋਂ ਢਾਹੇ ਜਾ ਰਹੇ ਅੱਤਿਆਚਾਰਾਂ ਦੇ ਰੋਸ ਵਜੋਂ ਮੋਦੀ-ਖੱਟਰ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨਾ ਜੋਸ਼ੀ, ਪ੍ਰਕਾਸ਼ ਕੌਰ ਸੋਹੀ, ਵੀਰਪਾਲ ਕੌਰ ਜੈਤੋ, ਪ੍ਰਤਿਭਾ ਸ਼ਰਮਾ ਅਤੇ ਬਲਜਿੰਦਰ ਕੌਰ ਜੀਦਾ ਨੇ ਇਸਤਰੀ ਦਿਵਸ ਦੇ ਇਤਿਹਾਸਕ ਮਹੱਤਵ ਅਤੇ ਅਜੋਕੀਆਂ ਚੁਣੌਤੀਆਂ ਬਾਰੇ ਵਿਚਾਰ ਰੱਖੇ। ਇਸ ਮੌਕੇ ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਰਾਹੀਂ 28-29 ਮਾਰਚ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਮਜ਼ਦੂਰ-ਮੁਲਾਜ਼ਮ ਹੜਤਾਲ ਦਾ ਪੂਰਨ ਸਮਰਥਨ ਕਰਨ, 13 ਮਾਰਚ ਨੂੰ ਟੀਚਰਜ਼ ਹੋਮ ਬਠਿੰਡਾ ਵਿੱਚ ਕੀਤੇ ਜਾ ਰਹੇ ਇਸਤਰੀ ਸਮਾਗਮ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ।