ਸ਼ਗਨ ਕਟਾਰੀਆ
ਬਠਿੰਡਾ, 10 ਦਸੰਬਰ
ਚੋਣ ਜ਼ਾਬਤੇ ਦੇ ਨੇੜੇ ਢੁੱਕਦਿਆਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਬਠਿੰਡਾ (ਸ਼ਹਿਰੀ) ਦੇ ਵਿਕਾਸ ਨੂੰ ਗਤੀਸ਼ੀਲ ਕਰਨ ਲਈ ਗਰਾਂਟਾਂ ਦੇ ਗੱਫੇ ਵੰਡਣ ’ਚ ਇਜ਼ਾਫ਼ਾ ਕਰ ਦਿੱਤਾ ਹੈ। ਅੱਜ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਦੌਰੇ ’ਤੇ ਰਹੇ ਅਤੇ ਵਿਕਾਸ ਲਈ 77 ਲੱਖ ਰੁਪਏ ਦੀ ਹੋਰ ਗਰਾਂਟ ਐਲਾਨੀ। ਇੰਡਸਟ੍ਰੀਅਲ ਓਨਰ ਐਸੋਸੀਏਸ਼ਨ ਓਲਡ ਇੰਡਸਟ੍ਰੀਅਲ ਏਰੀਆ ਆਈਟੀਆਈ ਚੌਕ ਵਿੱਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਫ਼ੋਕਲ ਪੁਆਇੰਟ ਦੇ ਵਿਸਤਾਰ ਲਈ 15 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਕਲੋਨੀ ਵਿੱਚ ਇੱਕ ਪ੍ਰੋਗਰਾਮ ਵਿੱਚ ਕਮਲਾ ਨਹਿਰੂ ਕਲੋਨੀ ਵਾਸੀਆਂ ਦੀ ਮੰਗ ’ਤੇ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਵਿੱਤ ਮੰਤਰੀ ਨੇ ਬਠਿੰਡਾ ਹਾਊਸਿੰਗ ਕੰਪਲੈਕਸ ਕੋਆਪ੍ਰੇਟਿਵ ਹਾਊਸ ਬਿਲਡਿੰਗ ਲਿਮਟਿਡ ਡੱਬਵਾਲੀ ਰੋਡ ਬਠਿੰਡਾ ਨੂੰ ਹਾਊਸਫੈੱਡ ਕਲੋਨੀ ਵਿੱਚ ਨਵੀਆਂ ਐਲਈਡੀ ਲਾਈਟਾਂ, ਇੰਟਰਲਾਕਿੰਗ ਟਾਈਲਾਂ ਲਾਉਣ ਅਤੇ ਪਾਰਕਾਂ ਦੀ ਉਸਾਰੀ ਲਈ 30 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸ ਤੋਂ ਇਲਾਵਾ ਸ੍ਰੀ ਬਾਦਲ ਨੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫ਼ਾਊਂਡੇਸਨ ਵਿਰਾਸਤੀ ਪਿੰਡ ਜੈਪਾਲਗੜ੍ਹ ਨੂੰ 5 ਲੱਖ ਰੁਪਏ, ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ ਵਿਚ ਹਸਪਤਾਲ ਦੀ ਮੁਰੰਮਤ ਲਈ 5 ਲੱਖ ਰੁਪਏ, ਸਹਿਜਧਾਰੀ ਧਰਮਸ਼ਾਲਾ ਕਮੇਟੀ ਗਣਪਤੀ ਇਨਕਲੇਵ ਬਠਿੰਡਾ ਵਿੱਚ ਧਰਮਸ਼ਾਲਾ ਦੀ ਮੁਰੰਮਤ ਲਈ 5 ਲੱਖ ਰੁਪਏ, ਪੂਰਵਾਂਚਲ ਛੱਠ ਪੂਜਾ ਮਈਆ ਸੇਵਾਸਮਿਤੀ ਪਰਸਰਾਮ ਨਗਰ ਬਠਿੰਡਾ ਨੂੰ ਸਮਾਜ ਭਲਾਈ ਦੇ ਕੰਮਾਂ ਲਈ 1 ਲੱਖ ਰੁਪਏ, ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਨੂੰ ਫਰਨੀਚਰ ਦੀ ਖਰੀਦ ਲਈ 1 ਲੱਖ ਅੱਠ ਹਜ਼ਾਰ ਰੁਪਏ, ਜ਼ਿਲ੍ਹਾ ਬਾਰ ਐਸੋਸੀਏਸ਼ਨ ਜ਼ਿਲ੍ਹਾ ਕਚਹਿਰੀ ਲਈ 1 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਅੰਦਰ ਵੱਡੀ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਪੁਰਦ ਕੀਤੀਆਂ ਗਈਆਂ ਹਨ, ਜਿਨ੍ਹਾਂ ਉੱਪਰ ਕਰੋੜਾਂ ਰੁਪਏ ਖਰਚੇ ਗਏ ਹਨ। ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੱਖੇ ਗਏ ਪ੍ਰੋਗਰਾਮਾਂ ਦੌਰਾਨ ਸ਼ਿਰਕਤ ਕਰਦਿਆਂ ਵਿੱਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਦਾ ਸਹਿਯੋਗ ਕਰਨ।