ਸ਼ਗਨ ਕਟਾਰੀਆ
ਬਠਿੰਡਾ, 15 ਅਕਤੂਬਰ
ਰੈਗੂਲਰ ਸੇਵਾਵਾਂ ਦੀ ਮੰਗ ਨੂੰ ਲੈ ਕੇ ਸੰਘਰਸ਼ੀਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਅੱਜ ਇਥੇ ਭਾਈ ਘਨੱਈਆ ਚੌਕ ਵਿਚ ‘ਅਜੋਕੇ ਰਾਵਣਾਂ’ ਦਾ ਪੁਤਲਾ ਫੂਕਿਆ ਗਿਆ। ਮੋਰਚੇ ਦੇ ਆਗੂ ਖੁਸ਼ਦੀਪ ਸਿੰਘ, ਜਗਰੂਪ ਸਿੰਘ, ਵਰਿੰਦਰ, ਇਕਬਾਲ ਪੂਹਲਾ ਆਦਿ ਨੇ ਕਿਹਾ ਕਿ ਮੋਰਿੰਡੇ ਦਾ ਪੱਕਾ ਮੋਰਚਾ ਲੱਗੇ ਨੂੰ ਸਵਾ ਮਹੀਨਾ ਲੰਘ ਗਿਆ ਹੈ ਪਰ ਸਰਕਾਰ ਕੋਈ ਉੱਤਾ ਨਹੀਂ ਵਾਚ ਰਹੀ ਸਗੋਂ ਬਦੀ ਦੇ ਰਾਹ ’ਤੇ ਚੱਲ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਉਨ੍ਹਾਂ 23 ਅਕਤੂਬਰ ਨੂੰ ਮੋਰਿੰਡਾ ’ਚ ਵਿਸ਼ਾਲ ਰੈਲੀ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਉਸ ਵਿਚ ਕਰਮਚਾਰੀਆਂ ਦੇ ਪਰਿਵਾਰਾਂ ਦਾ ਬੱਚਾ-ਬੱਚਾ ਸ਼ਾਮਲ ਹੋਵੇਗਾ।
ਭੁੱਚੋ ਮੰਡੀ (ਪਵਨ ਗੋਇਲ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਨੇ ਥਰਮਲ ਦੇ ਮੁੱਖ ਗੇਟ ਸਾਹਮਣੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਦਸਹਿਰੇ ਮੌਕੇ ਰਾਵਣ ਦੀ ਥਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪੂੰਜੀਪਤੀਆਂ ਦਾ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਪਰਿਵਾਰਾਂ ਸਮੇਤ ਸਾਮਰਾਜ ਖ਼ਿਲਾਫ਼ ਰੈਲੀ ਵੀ ਕੀਤੀ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਬੀਬੀਵਾਲਾ, ਬਾਦਲ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਨ, ਅਮਰੀਕ ਸਿੰਘ ਮਹਿਰਾਜ਼ ਅਤੇ ਹਰਜਿੰਦਰ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਖੇਤੀ ਅਤੇ ਕਿਰਤ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ -2020 ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ, ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਠੇਕਾ ਮੁਲਾਜ਼ਮਾਂ ਦੀਆਂ ਜਬਰੀ ਛਾਂਟੀਆਂ ਬੰਦ ਕੀਤੀਆਂ ਜਾਣ।