ਪੱਤਰ ਪ੍ਰੇਰਕ
ਬਠਿੰਡਾ, 8 ਫਰਵਰੀ
ਪਿੰਡ ਮਹਿਮਾ ਸਰਕਾਰੀ ਦੇ ਕਿਸਾਨਾਂ ਦਾ ਜਥਾ ਪਿੰਡ ਦੀ ਮਿੱਟੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਸਟੂਡੈਂਟਸ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਦੀ ਮਿੱਟੀ ਦੀ ਸਹੁੰ ਚੁੱਕੀ ਕਿ ਉਹ ਉਨੀ ਦੇਰ ਤਕ ਦਿੱਲੀ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹਿਣਗੇ, ਜਦੋਂ ਤਕ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ।
ਅੱਜ ਮਿੱਟੀ ਲੈ ਕੇ ਰਵਾਨਾ ਹੋਣ ਸਮੇਂ ਕਿਸਾਨਾਂ ਨੇ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਦੇ ਝੰਡੇ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਿੰਡ ਦੀ ਮਿੱਟੀ ਇਸ ਲਈ ਦਿੱਲੀ ਲੈ ਕੇ ਜਾ ਰਹੇ ਹਨ ਤਾਂ ਜੋ ਹਰ ਰੋਜ਼ ਸਵੇਰ ਵੇਲੇ ਕਿਸਾਨ ਇਸ ਮਿੱਟੀ ਦੀ ਸਹੁੰ ਚੁੱਕ ਕੇ ਸੰਘਰਸ਼ ਵਿੱਚ ਜੋਸ਼ ਨਾਲ ਯੋਗਦਾਨ ਪਾ ਸਕਣ। ਇਸ ਮੌਕੇ ਸ੍ਰੀ ਬਰਾੜ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਕਿਸਾਨਾਂ ਲਈ ਉਹ ਟੈਕਸੀ ਦਾ ਖਰਚਾ ਖ਼ੁਦ ਚੁੱਕਣਗੇ। ਇਸ ਮੌਕੇ ਕਿਸਾਨ ਜੀਤਾ ਸਿੰਘ, ਗੁਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਮਾਸਟਰ ਜਸਵਿੰਦਰ ਸਿੰਘ ਆਦਿ ਮੌਜੂਦ ਸਨ।
ਸ਼ਹਿਣਾ ਅਤੇ ਉਗੋਕੇ ਤੋਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਰਵਾਨਾ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਅਤੇ ਪਿੰਡ ਉਗੋਕੇ ਤੋਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਸੰਘਰਸ਼ ਲਈ ਅੱਜ ਰਵਾਨਾ ਹੋਏ। ਕਸਬਾ ਸ਼ਹਿਣਾ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ 15 ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਹੋਇਆ। ਇਸੇ ਤਰ੍ਹਾਂ ਉਗੋਕੇ ਤੋਂ ਵੀ ਕਾਫ਼ਲੇ ਰਵਾਨਾ ਹੋਇਆ। ਕਿਸਾਨ ਆਗੂ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਆਉਂਦੇ ਦਿਨਾਂ ’ਚ ਬਲਾਕ ਸ਼ਹਿਣਾ ਦੇ ਸਾਰੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ।