ਮਨੋਜ ਸ਼ਰਮਾ
ਬਠਿੰਡਾ, 24 ਜੂਨ
ਪਿੰਡ ਮਹਿਮਾ ਸਰਜਾ ਦੇ ਜਲ ਘਰ ਦੇ ਟੈਂਕਾਂ ਵਿੱਚ ਗੰਧਲੇ ਪਾਣੀ ਦੀ ਸਪਲਾਈ ਤੋਂ ਤੰਗ ਲੋਕਾਂ ਨੇ ਅੱਜ ਬੀਕੇਯੂ (ਉਗਰਾਹਾਂ) ਦੇ ਪਿੰਡ ਪ੍ਰਧਾਨ ਭੋਲਾ ਸ਼ਰਮਾ, ਖੇਤ ਮਜ਼ਦੂਰ ਯੂਨੀਅਨ ਦੇ ਕਨਵੀਨਰ ਮਾਸਟਰ ਸੇਵਕ ਸਿੰਘ, ਜਨਕ ਸਿੰਘ ਬਰਾੜ, ਬੀਕੇਯੂ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਦੀ ਅਗਵਾਈ ਹੇਠ ਜਲ ਵਿਭਾਗ ਦੇ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਨਹਿਰ ਬੰਦੀ ਦੌਰਾਨ ਟੈਂਕਾਂ ਨੂੰ ਸਾਫ਼ ਨਹੀਂ ਕੀਤਾ ਗਿਆ ਅਤੇ ਟੈਂਕਾਂ ਵਿੱਚ ਖੜ੍ਹੇ ਗੰਦੇ ਪਾਣੀ ਦੀ ਸਪਲਾਈ ਘਰਾਂ ਵਿੱਚ ਪੀਣ ਲਈ ਕਰ ਦਿੱਤੀ। ਬਦਬੂ ਮਾਰਦੇ ਪਾਣੀ ਦੀ ਸਪਲਾਈ ਤੋਂ ਅੱਕੇ ਲੋਕਾਂ ਨੇ ਜਲ ਘਰ ਦੇ ਕਰਮਚਾਰੀਆਂ ਦਾ ਘਿਰਾਓ ਕੀਤੀ, ਜਿਸ ਮਗਰੋਂ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਪਿੰਡ ਦੇ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾਈ ਕਿ ਜਲ ਘਰ ਵੱਲੋਂ ਛੱਡੇ ਗਏ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ। ਅੱਜ ਇਕੱਤਰ ਹੋਏ ਲੋਕਾਂ ਨੇ ਦੋਸ਼ ਲਗਾਏ ਕਿ ਤਿੰਨ ਪਿੰਡਾਂ ਦੇ ਇਸ ਜਲ ਘਰ ਦੀ ਹਾਲਤ ਭੇਡਾਂ ਦੇ ਵਾੜੇ ਵਰਗੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀ ਬੰਦੀ ਕਾਰਨ ਲੋਕ ਜੂਨ ਮਹੀਨੇ ਦੀ ਗਰਮੀ ਵਿੱਚ ਪਾਣੀ ਨੂੰ ਤਰਸਦੇ ਰਹੇ ਅਤੇ ਹੁਣ ਗੰਧਲੇ ਪਾਣੀ ਦੀ ਸਪਲਾਈ ਦੇਣ ਮਗਰੋਂ ਲੋਕਾਂ ਦੇ ਰੋਹ ਕਾਰਨ ਜਲ ਵਿਭਾਗ ਨੇ ਪਾਣੀ ਛੱਡਣਾ ਬੰਦ ਕਰ ਦਿੱਤਾ ਹੈ।