ਮਨੋਜ ਸ਼ਰਮਾ/ਪਵਨ ਗੋਇਲ
ਬਠਿੰਡਾ/ਭੁੱਚੋ ਮੰਡੀ, 3 ਫਰਵਰੀ
ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿਚ ਬਰਫਬਾਰੀ ਹੋਣ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਠੰਢ ਦਾ ਪ੍ਰਕੋਪ ਵਧ ਗਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਗਨੋਈ ਅਨੁਸਾਰ ਬੀਤੀ ਰਾਤ ਤੋਂ ਹੀ ਰੁਕ ਰੁਕ ਕੇ ਬਾਰਸ਼ ਪੈਂਦਾ ਰਿਹਾ ਜਿਸ ਕਾਰਨ ਲੋਕ ਘਰਾਂ ਵਿੱਚ ਹੀ ਬੈਠਣ ਲਈ ਮਜਬੂਰ ਰਹੇ।
ਦੱਸਣਯੋਗ ਹੈ ਕਿ ਬਠਿੰਡਾ ਲਗਾਤਾਰ ਡਿੱਗ ਰਹੇ ਪਾਰੇ ਕਾਰਨ ਪੰਜਾਬ ਦੇ ਠੰਢੇ ਸ਼ਹਿਰਾ ਵਿੱਚ ਆਪਣਾ ਨਾਂ ਦਰਜ ਕਰਵਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਘ ਮਹੀਨੇ ਵਿੱਚ ਪੈ ਰਹੀ ਠੰਢ ਨੇ ਰੜਕ ਕੱਢ ਦਿੱਤੀ ਹੈ। ਕੁਝ ਦਿਨ ਚਮਕਦਾਰ ਧੁੱਪ ਨਿਕਲਣ ਤੋਂ ਬਾਅਦ ਇੱਕ ਵਾਰ ਫੇਰ ਠੰਢ ਕਾਰਨ ਪੀਲੀ ਪਈ ਕਣਕ ਰੰਗਤ ਫੜ ਗਈ ਸੀ। ਪੀਏਯੂ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਦਾ ਤਾਪਮਾਨ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਤੋਂ ਰੁਕ ਰੁਕ ਕੇ ਪੈ ਰਹੀ ਬਾਰਸ਼ ਕਾਰਨ ਲੋਕ ਠੰਢ ਦੇ ਡਰੋਂ ਰਜਾਈਆਂ ਦਾ ਆਨੰਦ ਮਾਣਦੇ ਰਹੇ। ਅੱਜ ਬਠਿੰਡਾ ਸ਼ਹਿਰ ਦੀਆਂ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ। ਖੇਤੀਬਾੜੀ ਮਾਹਰਾਂ ਨੇ ਲਗਾਤਾਰ ਪੈ ਰਹੀ ਠੰਢ ਨੂੰ ਫਸਲਾਂ ਲਈ ਜਿਥੇ ਬਹੁਤ ਲਾਹੇਵੰਦ ਦੱਸਿਆ ਹੈ, ਕੁਝ ਦਿਨਾਂ ਤੋਂ ਸਵੇਰੇ ਪੈ ਰੀ ਸੰਘਣੀ ਧੁੰਦ ਕਣਕ ਦੀ ਫਸਲਾਂ ਲਈ ਘਿਓ ਦਾ ਕੰਮ ਕਰ ਰਹੀ ਹੈ। ਦੂਜੇ ਪਾਸੇ ਮੀਂਹ ਕਾਰਨ ਫਸਲਾਂ ਦੇ ਖਰਾਬੇ ਦਾ ਖਤਰਾ ਵੀ ਹੈ।
ਭੁੱਚੋ ਮੰਡੀ ਇਲਾਕੇ ਵਿੱਚ ਵੀ ਲੰਘੀ ਰਾਤ ਤੋਂ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਅਤੇ ਕੁੱਝ ਦੇਰ ਹਵਾ ਵੀ ਚੱਲੀ। ਇਸ ਕਾਰਨ ਠੰਢ ਨੇ ਕਾਫੀ ਜ਼ੋਰ ਫੜ੍ਹ ਲਿਆ। ਬਜ਼ਾਰਾਂ ਦੀ ਰੌਣਕ ਗਾਇਬ ਰਹੀ। ਕਈ ਦੁਕਾਨਦਾਰ ਦੁਕਾਨਾਂ ਵਿੱਚ ਧੂਣੀਆਂ ਬਾਲ ਕੇ ਸੇਕਦੇ ਰਹੇ। ਬਾਗਬਾਨੀ ਵਿਭਾਗ ਦੇ ਸੇਵਾਮੁਕਤ ਸਹਾਇਕ ਡਾਇਰੈਕਟਰ ਰੂੜ ਸਿੰਘ ਲਹਿਰਾ ਨੇ ਕਿਹਾ ਕਿ ਕਣਕ ਦੀ ਫਸਲ ਲਈ ਠੰਢਾ ਮੌਸਮ ਚੰਗਾ ਹੈ, ਪਰ ਜੇਕਰ ਪਾਣੀ ਜ਼ਿਆਦਾ ਦੇਰ ਫਸਲ ਵਿੱਚ ਖੜ੍ਹਾ ਰਹਿੰਦਾ ਹੈ, ਤਾਂ ਨੁਕਸਾਨ ਹੋਣ ਦਾ ਵੀ ਡਰ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਲਈ ਜ਼ਿਆਦਾ ਮੀਂਹ ਨੁਕਸਾਨਦਾਇਕ ਹੈ।
ਮਾਨਸਾ (ਪੱਤਰ ਪ੍ਰੇਰਕ): ਇਲਾਕੇ ਵਿੱਚ ਕੱਲ੍ਹ ਰਾਤ ਤੋਂ ਪੈ ਰਹੇ ਮੀਂਹ ਨੇ ਹਾੜੀ ਦੀਆਂ ਫ਼ਸਲਾਂ ਦਾ ਫਾਇਦਾ ਕਰਨ ਦੀ ਥਾਂ ਉਲਟਾ ਨੁਕਸਾਨ ਕਰ ਦਿੱਤਾ ਹੈ। ਅਸਮਾਨ ’ਤੇ ਲਿਸ਼ਕਦੀ ਬਿਜਲੀ ਨੇ ਸਰੋਂ ਅਤੇ ਛੋਲਿਆਂ ਸਮੇਤ ਹੋਰ ਫ਼ਲੀਦਾਰ ਫ਼ਸਲਾਂ ਨੂੰ ਝੰਬ ਸੁੱਟਿਆ ਹੈ। ਅਨੇਕਾਂ ਥਾਵਾਂ ’ਤੇ ਪਸ਼ੂਆਂ ਦਾ ਹਰਾ-ਚਾਰਾ ਜ਼ਮੀਨ ’ਤੇ ਨਿਸ਼ਾਲ ਧਰਿਆ ਹੈ ਅਤੇ ਤਾਜ਼ਾ ਬੀਜੀਆਂ ਸਬਜ਼ੀਆਂ ਨੂੰ ਮੋਟੀਆਂ ਕਣੀਆਂ ਨੂੰ ਕੁੱਟ ਦਿੱਤਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੋਰੇ ਅਤੇ ਠੰਢ ਤੋਂ ਬਚਾਉਣ ਲਈ ਵਿਛਾਏ ਗਏ ਮਹਿੰਗੇ ਭਾਅ ਦੇ ਪੌਲੀਥਨ ਨੂੰ ਤੇਜ਼ ਹਵਾਂ ਨੇ ਉਡਾ ਧਰਿਆ ਹੈ, ਜਿਸ ਨਾਲ ਪਹਿਲਾਂ ਵਾਲੇ ਮੀਂਹ ਤੋਂ ਬਚੀਆਂ ਅਗੇਤੀਆਂ ਸਬਜ਼ੀਆਂ ਦੀ ਫਸਲ ਖਰਾਬ ਹਣ ਦਾ ਖਦਸ਼ਾ ਪੈਦਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਤੋਂ ਪੰਜਾਬ ਦਾ ਅੰਨਦਾਤਾ ਘਬਰਾਉਣ ਲੱਗਿਆ ਹੈ। ਜਾਣਕਾਰ ਅਨੁਸਾਰ ਬਰਸਾਤ ਕਾਰਨ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਇਸ ਵਾਰ ਸ਼ਿਮਲਾ ਮਿਰਚ ਦੇ ਨਾਲ ਖਰਬੂਜੇ ਕੱਦੂ, ਖੀਰਾ, ਤੋਰੀ ਅਤੇ ਹੋਰ ਸਬਜ਼ੀਆਂ ਖੇਤਾਂ ਵਿੱਚ ਬੀਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਸਿੱਲੇ ਮੌਸਮ ਕਾਰਨ ਸਬਜ਼ੀਆਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਮੀਂਹ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ; ਸੜਕਾਂ ’ਤੇ ਭਰਿਆ ਪਾਣੀ
ਟੱਲੇਵਾਲ (ਲਖਵੀਰ ਸਿੰਘ ਚੀਮਾ): ਮੀਂਹ ਨੇ ਮਹਿਲ ਕਲਾਂ ਹਲਕੇ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਲਕੇ ਦੇ ਆਖ਼ਰੀ ਪਿੰਡ ਚੀਮਾ ਵਿੱਚ ਬੱਸ ਅੱਡੇ ਵਾਲੀ ਸੜਕ ਦੀ ਪਿਛਲੇ ਪੰਜ ਸਾਲਾਂ ਤੋਂ ਖਸਤਾ ਹਾਲਤ ਦਾ ਅਜੇ ਤੱਕ ਸੁਧਾਰ ਨਹੀਂ ਹੋ ਸਕਿਆ। ਪਿੰਡ ਗਹਿਲ ਤੋਂ ਨਰਾਇਣਗੜ੍ਹ ਸੋਹੀਆਂ ਨੂੰ ਜਾਣ ਵਾਲੇ ਰਸਤੇ ‘ਤੇ ਪੰਜਾਹ ਮੀਟਰ ਦੇ ਸੜਕ ਦੇ ਟੋਟੇ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਵੀ ਨਹੀਂ ਬਣਾਇਆ ਜਾ ਸਕਿਆ। ਇਹ ਟੋਟਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਪਿੰਡ ਗਹਿਲ ਤੋਂ ਚੰਨਣਵਾਲ ਅਤੇ ਬੀਹਲਾ ਨੂੰ ਆਉਂਦੀ ਸੜਕ ਦਾ ਬੁਰਾ ਹਾਲ ਹੈ। ਟੁੱਟੀਆਂ ਸੜਕਾਂ ਦੇ ਟੋਇਆਂ ਵਿਚ ਮੀਂਹ ਦਾ ਪਾਣੀ ਖੜ੍ਹਨ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।