ਪੱਤਰ ਪ੍ਰੇਰਕ
ਮਾਨਸਾ, 3 ਸਤੰਬਰ
ਮਾਲਵਾ ਖੇਤਰ ਵਿੱਚ ਲੰਪੀ ਸਕਿਨ ਦੀ ਬਿਮਾਰੀ ਫੈਲਣ ਤੋਂ ਬਾਅਦ ਹੁਣ ਪਿੰਡਾਂ ਵਿੱਚ ਦੁੱਧ ਦੀ ਘਾਟ ਪੈਦਾ ਹੋ ਗਈ ਹੈ। ਇਸ ਕਰਕੇ ਸ਼ਹਿਰਾਂ ਵਿੱਚ ਵਿਕਣ ਲਈ ਜਾਂਦੇ ਵੇਰਕਾ ਅਤੇ ਅਮੂਲ ਸਮੇਤ ਦੁੱਧ ਦੀਆਂ ਡੇਅਰੀਆਂ, ਹਲਵਾਈਆਂ, ਦੋਧੀਆਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦਾ ਕੰਮ-ਕਾਜ ਪ੍ਰਭਾਵਿਤ ਹੋਣ ਲੱਗਿਆ ਹੈ। ਭਾਵੇਂ ਸਾਉਣ ਮਹੀਨੇ ਵਿੱਚ ਦੁੱਧ ਦੀ ਪੈਦਾਵਾਰ ਵੱਧ ਜਾਂਦੀ ਹੈ ਪਰ ਇਸ ਵਾਰ ਲੰਪੀ ਸਕਿੱਨ ਨੇ ਦੁੱਧ ਦੀ ਪੈਦਾਵਾਰ ਨੂੰ ਵੱਡੀ ਸੱਟ ਮਾਰੀ ਹੈ। ਪਿੰਡਾਂ ਵਿੱਚ ਦੁੱਧ ਆਸਰੇ ਪਰਿਵਾਰ ਪਾਲਣ ਵਾਲੇ ਦੋਧੀਆਂ ਦਾ ਕਹਿਣਾ ਹੈ ਕਿ ਗਾਵਾਂ ਤਾਂ ਬਿਮਾਰ ਹੋਣ ਕਾਰਨ ਦੁੱਧ ਬਿਲਕੁਲ ਹੀ ਘਟਾ ਗਈਆਂ ਹਨ, ਪਰ ਜਿਹੜੀਆਂ ਮੱਝਾਂ ਦੇ ਬਿਮਾਰੀ ਤੋਂ ਬਚਾਅ ਲਈ ਟੀਕੇ ਲਗਾਏ ਗਏ ਸਨ, ਉਹ ਵੀ ਦੁੱਧ ਸੁਕਾਅ ਗਈਆਂ ਹਨ।
ਦਿਲਚਸਪ ਗੱਲ ਹੈ ਕਿ ਦੁੱਧ ਦੀ ਪੈਦਾ ਹੋਈ ਘਾਟ ਤੋਂ ਬਾਅਦ ਵੇਰਕਾ ਅਤੇ ਅਮੂਲ ਨੇ ਇਸੇ ਮਹੀਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਆਗੂ ਕੁਲਵੰਤ ਸਿੰਘ ਕ੍ਰਿਸ਼ਨਗੜ੍ਹ ਨੇ ਦੱਸਿਆ ਕਿ ਲੰਪੀ ਸਕਿਨ ਕਾਰਨ ਰੋਜ਼ਾਨਾ ਗਾਵਾਂ ਮਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਰੁਪਏ ਪਸ਼ੂ ਪਾਲਕ ਇਲਾਜ ’ਤੇ ਖਰਚ ਰਹੇ ਹਨ, ਜਿਸ ਕਾਰਨ ਡੇਅਰੀ ਫਾਰਮ ਦਾ ਧੰਦਾ ਚਲਾਉਣ ਵਾਲੇ ਲੋਕਾਂ ’ਚ ਬੇਚੈਨੀ ਬਣੀ ਹੋਈ ਹੈ। ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੰਪੀ ਸਕਿਨ ਨਾਲ ਮਰ ਰਹੀਆਂ ਗਾਵਾਂ ਕਾਰਨ ਡੇਅਰੀ ਚਲਾਉਣ ਵਾਲੇ ਬੇਰੁਜ਼ਗਾਰਾਂ ਦਾ ਧੰਦਾ ਚੌਪਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਗਾਵਾਂ ਦਾ ਦੁੱਧ ਪੀਣ ਤੋਂ ਵੀ ਲੋਕ ਡਰ ਮਹਿਸੂਸ ਕਰਨ ਲੱਗੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਪੀੜਤ ਗਾਂਵਾਂ ਅਤੇ ਮੱਝਾਂ ਦੇ ਦੁੱਧ ’ਤੇ ਵੀ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਦੇ ਇਲਾਜ ਲਈ ਜੋ ਟੀਕੇ ਲੱਗਦੇ ਹਨ, ਉਹ ਜ਼ਿਆਦਾਤਰ ਪੈਨਸਲੀਨ ਦੇ ਹਨ ਜੋ ਜ਼ਖ਼ਮ ਸੁੱਕਣ ਲਈ ਲਾਏ ਜਾਂਦੇ ਹਨ। ਉਸ ਨਾਲ ਪਸ਼ੂ ਦਾ ਦੁੱਧ ਘਟ ਜਾਂਦਾ ਹੈ ਅਤੇ ਦੋਧੀਆਂ ਦਾ ਆਰਥਿਕ ਨੁਸਕਾਨ ਹੁੰਦਾ ਹੈ।
ਵੈਕਸੀਨ ਰਾਹੀਂ ਬਿਮਾਰੀ ਨੂੰ ਕੀਤਾ ਜਾ ਰਿਹੈ ਕੰਟਰੋਲ: ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀ ਡਾ. ਕਮਲ ਗੁਪਤਾ ਨੇ ਮੰਨਿਆ ਕਿ ਜਦੋਂ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਉਸ ਦਾ ਦੁੱਧ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਨੂੰ ਵੈਕਸੀਨ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਦੁੱਧ ਦੀ ਘਾਟ ਪੂਰੀ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਵੇਰਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਿੰਡਾਂ ਵਿਚੋਂ ਡੇਅਰੀਆਂ ਤੋਂ ਰੋਜ਼ਾਨਾ ਵੱਡੀ ਮਾਤਰਾ ਵਿੱਚ ਦੁੱਧ ਘੱਟ ਆ ਰਿਹਾ ਹੈ ਜਿਸ ਕਾਰਨ ਸ਼ਹਿਰਾਂ ਵਿਚਲੇ ਡਿਸਟੀਬਿਊਟਰਾਂ ਨੂੰ ਮੰਗ ਦੇ ਮੁਕਾਬਲੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸਪਲਾਈ ਘਟਾਉਣੀ ਪਈ ਹੈ। ਇਲਾਕੇ ਦੇ ਹਲਵਾਈ ਬੱਬੂ ਕੁਮਾਰ ਦਾ ਕਹਿਣਾ ਹੈ ਕਿ ਪਿੰਡਾਂ ’ਚੋਂ ਦੁੱਧ ਪਾਉਣ ਆਉਂਦੇ ਦੋਧੀ ਪਹਿਲਾਂ ਨਾਲੋਂ ਅੱਧਾ ਦੁੱਧ ਹੀ ਪਾ ਕੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਦੀ ਮਿਕਦਾਰ ਘਟਾਉਣੀ ਪਈ ਹੈ।
ਡੀਸੀ ਵੱਲੋਂ ਪਸ਼ੂਆਂ ਨੂੰ ਟੈਗ ਲਗਾਉਣ ਦੀ ਹਦਾਇਤ
ਬਠਿੰਡਾ (ਮਨੋਜ ਸ਼ਰਮਾ): ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਿੰਡ ਹਰਰਾਏਪੁਰ ਦੀ ਗਊਸ਼ਾਲਾ ਦਾ ਦੌਰਾ ਕਰਕੇ ਪਸ਼ੂਆਂ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਗਊਸ਼ਾਲਾ ਦੇ ਸਾਰੇ ਪਸ਼ੂਆਂ ਨੂੰ ਟੈਗ ਲਗਾਏ ਜਾਣ। ਉਨ੍ਹਾਂ ਨੇ ਖ਼ਾਸ ਹਦਾਇਤ ਕੀਤੀ ਕਿ ਬਿਨਾਂ ਪਾਸ ਤੋਂ ਗਊਸ਼ਾਲਾ ਵਿੱਚ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਸਪੈਸ਼ਲ ਪਾਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਕਿਹਾ ਕਿ ਗਊਸ਼ਾਲਾ ਵਿੱਚ ਹਰ ਐਤਵਾਰ ਨੂੰ ਮਗਨਰੇਗਾ ਮਜ਼ਦੂਰਾਂ ਨੂੰ ਲਗਾ ਕੇ ਸਾਫ਼-ਸਫ਼ਾਈ ਕਰਵਾਈ ਜਾਵੇ। ਇਸੇ ਤਰ੍ਹਾਂ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਕਿਹਾ ਕਿ ਪਸ਼ੂਆਂ ਨੂੰ ਹਰਾ-ਚਾਰਾ ਅਤੇ ਪਾਣੀ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਡਾਕਟਰੀ ਟੀਮ ਗਊਸ਼ਾਲਾ ਵਿੱਚ ਲਗਾਈ ਜਾਵੇ ਤਾਂ ਜੋ ਬਿਮਾਰ ਪਸ਼ੂਆਂ ਦਾ ਤਰੁੰਤ ਇਲਾਜ ਕੀਤਾ ਜਾ ਸਕੇ।