ਮਨੋਜ ਸ਼ਰਮਾ
ਬਠਿੰਡਾ, 24 ਅਪਰੈਲ
ਬਠਿੰਡਾ ਦੇ ਵੱਖ ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਵੇਰਵਿਆਂ ਅਨੁਸਾਰ ਪਹਿਲੀ ਘਟਨਾ ਰਾਜ ਰਾਣੀ ਪਤਨੀ ਕਰਨੈਲ ਸਿੰਘ ਵਾਸੀ ਅਮਰਪੁਰਾ ਬਸਤੀ ਦੇ ਘਰ ਵਿੱਚ ਵਾਪਰੀ ਅਤੇ ਕੋਠੇ ’ਤੇ ਪਿਆ ਸਾਮਾਨ ਅਤੇ ਘਰ ਵਿੱਚ ਪਈਆਂ ਪੇਟੀਆਂ ਸੋਫੇ ਤੇ ਬੈੱਡ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਬਠਿੰਡਾ ਅਨੁਸਾਰ ਇਸ ਤੋਂ ਇਲਾਵਾ ਪਾਵਰ ਹਾਊਸ ਰੋਡ ਗਲੀ ਨੰਬਰ 10 ਦੇ ਰਿਹਾਇਸ਼ੀ ਇਲਾਕੇ ਵਿੱਚ ਬੀਤੀ ਰਾਤ ਢਾਈ ਵਜੇ ਦੇ ਕਰੀਬ ਕੱਪੜਿਆਂ ਦੇ ਗੋਦਾਮ ਨੂੰ ਅੱਗ ਲੱਗ ਗਈ ਅਤੇ ਗੋਦਾਮ ਸਮੇਤ ਤਿੰਨ ਦੁਕਾਨਾਂ ਸੜ ਗਈਆਂ। ਫਾਇਰ ਵਿਭਾਗ ਦੇ ਅਫ਼ਸਰ ਗੁਰਿੰਦਰ ਸਿੰਘ ਅਨੁਸਾਰ ਵਿਭਾਗ ਦੇ 3 ਟੈਂਡਰ ਮੌਕੇ ’ਤੇ ਪੁੱਜੇ ਅਤੇ ਤਿੰਨ ਘੰਟਿਆਂ ਦੀ ਜੱਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਗੋਦਾਮ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਰਾਤ ਢਾਈ ਵਜੇ ਗੁਆਂਢੀਆਂ ਨੇ ਫੋਨ ਕੀਤਾ ਕਿ ਗੋਦਾਮ ਵਿੱਚ ਅੱਗ ਲੱਗ ਗਈ ਹੈ। ਮਨਜੀਤ ਸਿੰਘ ਅਨੁਸਾਰ ਗੋਦਾਮ ਸਮੇਤ ਉਸ ਦੀਆਂ ਤਿੰਨ ਦੁਕਾਨਾਂ ਵੀ ਸੜ ਗਈਆਂ ਹਨ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮਾਨਸਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਬੱਪੀਆਣਾ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਜਗਸੀਰ ਸਿੰਘ ਦੇ ਖੇਤ ’ਚ ਬਣੇ ਮਕਾਨ ਤੱਕ ਪਹੁੰਚ ਗਈ। ਇਸ ਦੌਰਾਨ ਜਗਸੀਰ ਸਿੰਘ ਦੋ ਕੱਟੜੂਆ ਨੂੰ ਅੱਗ ਲਗਾ ਗਈਂ ਅਤੇ ਇੱਕ ਕੱਟੜੂ ਦੀ ਮੌਤ ਹੋ ਗਈ।
ਫ਼ਿਰੋਜ਼ਪੁਰ: ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇਥੇ ਛਾਉਣੀ ਦੀ ਦਾਣਾ ਮੰਡੀ ਦੇ ਬਾਹਰ ਸੜਕ ਕਿਨਾਰੇ ਬਣੀਆਂ ਪਰਵਾਸੀ ਮਜ਼ਦੂਰਾਂ ਦੀਆਂ ਕਰੀਬ ਇੱਕ ਦਰਜਨ ਝੁੱਗੀਆਂ ਅੱਜ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਮਿਲੇ ਵੇਰਵਿਆਂ ਮੁਤਾਬਿਕ ਅੱਜ ਦੁਪਹਿਰ ਵੇਲੇ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਝੁੱਗੀਆਂ ਵਿਚ ਰਹਿੰਦੇ ਜ਼ਿਆਦਾਤਰ ਮਜ਼ਦੂਰ ਉਸ ਵੇਲੇ ਦਾਣਾ ਮੰਡੀ ਵਿਚ ਕੰਮ ਕਰ ਰਹੇ ਸਨ। ਕਣਕ ਦੇ ਸੀਜ਼ਨ ਦੌਰਾਨ ਬਾਹਰੀ ਰਾਜਾਂ ਤੋਂ ਆਉਣ ਵਾਲੇ ਇਹ ਮਜ਼ਦੂਰ ਕਣਕ ਦੀ ਰਹਿੰਦ ਖੂੰਹਦ ਨੂੰ ਕਿਸਾਨਾਂ ਪਾਸੋਂ ਖਰੀਦ ਕੇ ਉਸ ਵਿਚੋਂ ਦਾਣੇ ਕੱਢ ਲੈਂਦੇ ਹਨ ਤੇ ਆਪਣੀ ਸਾਲ ਭਰ ਦੀ ਕਣਕ ਜੋੜ ਲੈਂਦੇ ਹਨ। ਇਸ ਦੌਰਾਨ ਝੁੱਗੀਆਂ ਵਿਚ ਪਿਆ ਮਜ਼ਦੂਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਜ਼ਦੂਰਾਂ ਨੇ ਪ੍ਰਸ਼ਾਸਨ ਪਾਸੋਂ ਮਦਦ ਦੀ ਮੰਗ ਕੀਤੀ ਹੈ।