ਸ਼ਗਨ ਕਟਾਰੀਆ
ਬਠਿੰਡਾ, 31 ਅਕਤੂਬਰ
‘ਮਹਾਂ-ਕਾਵਿ ਰਾਮਾਇਣ ਦੇ ਰਚੈਤਾ ਅਤੇ ਆਦਿ ਕਵੀ, ਬ੍ਰਹਮਗਿਆਨੀ ਅਤੇ ਮਹਾਂਰਿਸ਼ੀ ਦੇ ਨਾਵਾਂ ਨਾਲ ਸਤਿਕਾਰੇ ਜਾਂਦੇ ਭਗਵਾਨ ਵਾਲਮੀਕਿ ਦੀ ਸੋਭਾ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਫ਼ੈਲੀ ਹੋਈ ਹੈ। ਭਗਵਾਨ ਵਾਲਮੀਕਿ ਨੇ ਰਾਮਾਇਣ ਰਾਹੀਂ ਭਾਰਤੀ ਸੰਸਕ੍ਰਿਤੀ ਦੀ ਨੀਂਹ ਰੱਖੀ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਆਨ-ਲਾਈਨ ਮੀਟਿੰਗ ’ਚ ਸ਼ਮੂਲੀਅਤ ਕਰਨ ਮੌਕੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਡਾ. ਬੀਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਤਹਿਤ ਜ਼ਿਲ੍ਹੇ ਦੇ ਪੰਜ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ। ਉਨ੍ਹਾਂ ਦੱਸਿਆ ਕਿ ਗ਼ਰੀਬ ਵਰਗ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਇਹ ਸਕੀਮ ਸਹਾਈ ਸਿੱਧ ਹੋਵੇਗੀ। ਇਸ ਮਗਰੋਂ ਵਿੱਤ ਮੰਤਰੀ ਨੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਜਾਈ ਗਈ ਸ਼ੋਭਾ ਯਾਤਰਾ ’ਚ ਵੀ ਸ਼ਮੂਲੀਅਤ ਕੀਤੀ। ਇਸ ਸ਼ੋਭਾ ਯਾਤਰਾ ਦੌਰਾਨ ਹੰਸਰਾਜ ਭਾਰਤੀ, ਵੀਰਭਾਨ, ਨਵੀਨ ਵਾਲਮੀਕਿ, ਪ੍ਰਹਲਾਦ ਰਾਏ, ਗੌਰਵ, ਅਰਜਨ ਸਿੰਘ ਹੋਲੂ, ਸ਼ਾਮ ਲਾਲ, ਦੀਪਕ ਪਰੋਚਾ ਹਾਜ਼ਰ ਸਨ।
ਕਾਂਗੜ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦੀ ਸ਼ੁਰੂਆਤ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਹਾਂਕਾਵਿ ਰਾਮਾਇਣ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਡਾ.ਬੀਆਰ ਅੰਬੇਡਕਰ ਐੱਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਦਾ ਆਗਾਜ਼ ਮਾਨਸਾ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 5 ਵਿਦਿਆਰਥਣਾਂ ਨੂੰ ਰਸਮੀ ਤੌਰ ‘ਤੇ ਇਸ ਸਕੀਮ ਦੇ ਲਾਭ ਸਰਟੀਫਿਕੇਟਾਂ ਦੀ ਵੰਡ ਕੀਤੀ। ਪੰਜਾਬ ਸਰਕਾਰ ਵੱਲੋਂ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਸ੍ਰੀ ਕਾਂਗੜ ਨੇ ਸਮੂਹ ਵਾਲਮੀਕਿ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਮ ਤੀਰਥ ਆਈਟੀਆਈ ਦਾ ਵਰਚੂਅਲ ਢੰਗ ਨਾਲ ਉਦਘਾਟਨ ਕੀਤਾ ਗਿਆ ਅਤੇ ਤੀਰਥ ਸਥਲ ਵਿੱਚ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਕਾਂਗੜ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਹੁਣ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਦਸਵੀਂ ਤੋਂ ਬਾਅਦ ਪੀਐਚ. ਡੀ ਤੱਕ ਦੀ ਸਿੱਖਿਆ ਲਈ ਕੋਰਸ ਫੀਸ ਦਾ ਬੋਝ ਨਹੀਂ ਪਵੇਗਾ। ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸਾਹੀਆ,ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਐੱਸਐੱਸਪੀ ਸੁਰੇਂਦਰ ਲਾਂਬਾ, ਏਡੀਸੀ ਸੁਖਪ੍ਰੀਤ ਸਿੰਘ ਸਿੱਧੂ,ਏਡੀਸੀ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਹਾਜ਼ਰ ਸਨ।