ਪੱਤਰ ਪ੍ਰੇਰਕ
ਬਠਿੰਡਾ, 3 ਮਈ
ਇਥੋਂ ਦੇ ਓ.ਓ.ਏ.ਟੀ. ਸੈਂਟਰ (ਨਸ਼ਾ ਛੁਡਾਊ ਕੇਂਦਰ) ਅੱਗੇ ਅੱਜ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਸੈਂਕੜੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਲਾਈਨਾਂ ’ਚ ਲੱਗੇ ਲੋਕਾਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਘੰਟਿਆਂ ਬਾਅਦ ਹਰੇਕ ਦੀ ਵਾਰੀ ਆਉਂਦੀ ਹੈ। ਗਰਮ ਦੁਪਹਿਰ ਅਤੇ ਉੱਪਰੋਂ ਛਾਂ ਅਤੇ ਪੀਣ ਵਾਲੇ ਪਾਣੀ ਦਾ ਨੇੜੇ ਪ੍ਰਬੰਧ ਨਾ ਹੋਣ ਕਰਕੇ ਉਹ ‘ਅਗਨ ਤਪੱਸਿਆ’ ਕਰ ਰਹੇ ਹਨ। ਖਾਸ ਗੱਲ ਇਹ ਸੀ ਕਿ ਕਤਾਰਾਂ ਵਿਚ ਇਹ ਲੋਕ ਫਸ ਕੇ ਖੜੋਤੇ ਸਨ ਅਤੇ ਕਰੋਨਾ ਸਬੰਧੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਕਿਸੇ ਨੂੰ ਖ਼ਾਬ-ਓ-ਖ਼ਿਆਲ ਨਹੀਂ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਸਰਕਾਰੀ ਦਫ਼ਤਰਾਂ ’ਚ 50 ਫੀਸਦੀ ਸਟਾਫ਼ ਦੀ ਹਾਜ਼ਰੀ ਬਾਰੇ ਨਿਰਦੇਸ਼ ਦਿੱਤੇ ਹਨ ਪਰ ‘ਓਟ’ ਸੈਂਟਰ ਦੀ ਓਟ ’ਚ ਆਏ ਲੋਕਾਂ ਵੱਲੋਂ ਰੌਣਕਾਂ ਲਾਈਆਂ ਜਾ ਰਹੀਆਂ ਹਨ।