ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਵੱਡੀ ਗਿਣਤੀ ਵਕੀਲਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਸੀਟ ਤੋਂ ਉਮੀਦਵਾਰ ਤੇ ਆਪਣੇ ਸਾਥੀ ਐਡਵੋਕੇਟ ਜਗਰੂਪ ਸਿੰਘ ਗਿੱਲ ਦੇ ਹੱਕ ’ਚ ਪੈਦਲ ਮਾਰਚ ਕਰਕੇ ਲੋਕਾਂ ਤੋਂ ਸ੍ਰੀ ਗਿੱਲ ਲਈ ਸਮਰਥਨ ਮੰਗਿਆ ਗਿਆ। ਬਾਰ ਐਸੋਸੀਏਸ਼ਨ ਬਠਿੰਡਾ ਦੇ ਦਫ਼ਤਰ ਤੋਂ ਚੱਲਿਆ ਇਹ ਕਾਫ਼ਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਹੁੰਦਾ ਹੋਇਆ ਪਾਵਰ ਹਾਊਸ ਰੋਡ ’ਤੇ ਸਥਿਤ ਆਮ ਆਦਮੀ ਪਾਰਟੀ ਦਫ਼ਤਰ ਪੁੱਜਾ। ਵਕੀਲ ਸੰਗਠਨ ਦੇ ਜਥੇਬੰਦਕ ਪ੍ਰਧਾਨ ਵਰਿੰਦਰ ਸ਼ਰਮਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਜਲਾਲ, ਕੰਵਲਜੀਤ ਸਿੰਘ ਕੁਟੀ ਅਤੇ ਲਕਿੰਦਰ ਦੀਪ ਸਿੰਘ ਭਾਈਕਾ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਜਗਰੂਪ ਸਿੰਘ ਗਿੱਲ ਦੇ ਹੱਕ ਸ਼ਹਿਰ ਦੇ ਵਕੀਲ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਡਟੇ ਹਨ। ਜਗਰੂਪ ਸਿੰਘ ਗਿੱਲ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਏਕੇ ਵਿੱਚ ਹੀ ਬਲ ਹੁੰਦਾ ਹੈ ਅਤੇ ਜਦੋਂ ਤਕ ਆਪਾਂ ਸਾਰੇ ਇਕੱਠੇ ਹਾਂ, ਓਦੋਂ ਤੱਕ ਕੋਈ ਵੀ ਤਾਕਤ ਆਪਾਂ ਨੂੰ ਤਰੱਕੀ ਤੋਂ ਨਹੀਂ ਰੋਕ ਸਕਦੀ’। ਇਸ ਮੌਕੇ ਸ੍ਰੀ ਗਿੱਲ ਅਤੇ ਉਨ੍ਹਾਂ ਦੀ ਪਾਰਟੀ ਦੇ ਹੱਕ ’ਚ ਭਰਵੀਂ ਨਾਅਰੇਬਾਜ਼ੀ ਵੀ ਕੀਤੀ ਗਈ।