ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 14 ਅਕਤੂਬਰ
ਬਠਿੰਡਾ ਦੀ ਕਚਹਿਰੀ ਦੇ ਚੈਂਬਰ ਢਾਹੁਣ ਦੇ ਮਾਮਲੇ ਨੂੰ ਲੈ ਕੇ ਵਕੀਲਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਧਰਨਾ ਦਿੰਦੇ ਹੋਏ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਡਿਊਟੀ ਮੈਜਿਸਟ੍ਰੇਟ ਬਠਿੰਡਾ ਖਿਲਾਫ ਨਾਅਰੇਬਾਜ਼ੀ ਕੀਤੀ। ਗ਼ੌਰਤਲਬ ਹੈ ਕਿ ਬੀਤੀ 11 ਸਤੰਬਰ ਨੂੰ ਪ੍ਰਸ਼ਾਸਨ ਵੱਲੋਂ ਵਕੀਲਾਂ ਦੇ ਆਰਜ਼ੀ ਤੌਰ ’ਤੇ ਬਣਾਏ ਗਏ ਚੈਂਬਰਾਂ ਨੂੰ ਢਾਹ ਦਿੱਤਾ ਗਿਆ ਸੀ ਜਿਸ ਤੋਂ ਖਫਾ ਹੋ ਕੇ ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ। ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸ਼ਰਮਾ, ਸਕਟਰੀ ਸੁਨੀਲ ਤ੍ਰਿਪਾਠੀ, ਵਾਈਸ ਪ੍ਰਧਾਨ ਸੂਰੀਆ ਕਾਂਤ ਨੇ ਸਮੇਤ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜਨ ਗਰਗ, ਰਣਜੀਤ ਸਿੰਘ ਜਲਾਲ ਅਤੇ ਕੰਵਲਜੀਤ ਸਿੰਘ ਕੁਟੀ ਨੇ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਪ੍ਰਸ਼ਾਸਨ ’ਤੇ ਵਰ੍ਹਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਕੀਲਾਂ ਦੇ ਚੈਂਬਰਾਂ ’ਤੇ ਪੀਲਾ ਪੰਜਾ ਚਲਾਉਣ ਤੋਂ ਪਹਿਲਾਂ ਕੋਈ ਬਦਲਵੇਂ ਪ੍ਰਬੰਧ ਨਹੀਂ ਕੀਤੇ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਵਸੀਕਾ ਨਵੀਸ, ਵਕੀਲਾਂ ਤੇ ਟਾਈਪਿਸਟਾਂ ਨੂੰ ਪਹਿਲਾਂ ਨੋਟਿਸ ਦੇ ਕੇ ਉਨ੍ਹਾਂ ਨੂੰ ਕੰਮ ਕਰਨ ਲਈ ਬਦਲਵੇਂ ਪ੍ਰਬੰਧ ਵਜੋਂ ਜਗ੍ਹਾ ਅਲਾਟ ਕਰਨੀ ਚਾਹੀਦੀ ਸੀ ਪਰ ਪ੍ਰਸ਼ਾਸਨ ਨੇ ਮਨਮਾਨੀ ਕਰਦਿਆਂ ਇਸ ਡਰਾਈਵ ਨੂੰ ਅੰਜਾਮ ਦਿੱਤਾ। ਅੱਜ ਵਕੀਲਾਂ ਵੱਲੋਂ ਕੋਰਟ ਕੰਪਲੈਕਸ ਦਾ ਸਮੁੱਚਾ ਕੰਮਕਾਜ ਠੱਪ ਕਰਦਿਆਂ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਕਿ ਜਿੰਨੀ ਦੇਰ ਤਕ ਵਕੀਲਾਂ ਨੂੰ ਚੈਂਬਰ ਅਲਾਟ ਨਹੀਂ ਕੀਤੇ ਜਾਂਦੇ ਓਨੀ ਦੇਰ ਤੱਕ ਹੜਤਾਲ ਜਾਰੀ ਰਹੇਗੀ। ਖ਼ਬਰ ਲਿਖੇ ਜਾਣ ਤੱਕ ਵਕੀਲ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਡਟੇ ਹੋਏ ਸਨ।
ਗੈਰਕਾਨੂੰਨੀ ਬੈਠੇ ਹੋਣ ਕਾਰਨ ਕੀਤੀ ਕਾਰਵਾਈ: ਡਿਊਟੀ ਮਜਿਸਟ੍ਰੇਟ
ਇਸ ਸਬੰਧੀ ਡਿਊਟੀ ਮੈਜਿਸਟ੍ਰੇਟ ਕਮ ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਕੀਲਾਂ ਦੇ ਚੈਂਬਰ ਢਾਹੇ ਗਏ ਹਨ ਉਹ ਗ਼ੈਰਕਾਨੂੰਨੀ ਤੌਰ ’ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਕੋਲ ਕੋਈ ਲਿਖਤੀ ਪਰਮਿਸ਼ਨ ਨਹੀਂ ਸੀ ਜਿਸ ਲਈ ਉਨ੍ਹਾਂ ਨੇ ਐੱਸਡੀਐੱਮ ਦੇ ਲਿਖਤੀ ਹੁਕਮ ’ਤੇ ਕਾਰਵਾਈ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਤਹਿਸੀਲ ਕੰਪਲੈਕਸ ਨਾਲ ਸਬੰਧਤ ਇਕ ਬਿਲਡਿੰਗ ਉਸਾਰੀ ਜਾ ਰਹੀ ਹੈ ਜਿਸ ਕਾਰਨ ਜੋ ਵੀ ਚੈਂਬਰ ਉਸ ਵਿੱਚ ਆਏਗਾ ਉਸ ਨੂੰ ਮਜਬੂਰਨ ਉਨ੍ਹਾਂ ਨੂੰ ਢਾਹੁਣਾ ਪਵੇਗਾ।