ਮਨੋਜ ਸ਼ਰਮਾ
ਬਠਿੰਡਾ, 27 ਜੂਨ
ਇੱਥੋਂ ਦੇ ਇੱਕ ਨਿੱਜੀ ਹਸਪਤਾਲ ਅੱਗੇ ਇੱਕ ਮਰੀਜ਼ ਦੇ ਇਲਾਜ ਦੇ ਸਬੰਧ ’ਚ ਬੀਕੇਯੂ ਡਕੌਂਦਾ ਅਤੇ ਡਾਕਟਰ ਯੂਨੀਅਨ ਵੱਲੋਂ ਆਹਮੋ-ਸਾਹਮਣੇ ਬੈਠ ਕੇ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾ. ਸੰਗਮ ਗਰਗ ਵੱਲੋਂ ਇੱਕ ਮਜ਼ਦੂਰ ਮਰੀਜ਼ ਦੇ ਲੱਤ ਵਿੱਚ ਰਾਡ ਪਾਉਣ ’ਚ ਵਰਤੀ ਗਈ ਕਥਿਤ ਅਣਗਹਿਲੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਦੀ ਅਗਵਾਈ ਹੇਠ ਮਜ਼ਦੂਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਮਾਮਲੇ ਨੂੰ ਵਧਦਾ ਦੇਖਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਦੀ ਅਗਵਾਈ ਹੇਠ ਡਾ. ਸੰਗਮ ਗਰਗ ਦੇ ਹੱਕ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਬੀਕੇਯੂ ਡਕੌਂਦਾ ਦੇ ਆਗੂ ਬਲਵਿੰਦਰ ਸਿੰਘ ਜੇਠੂਕੇ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਇੱਕ ਮਜ਼ਦੂਰ ਅਖਿਲੇਸ਼ ਪਾਸਵਾਨ ਨੂੰ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਏ ਕਿ ਉਕਤ ਹਸਪਤਾਲ ਦੇ ਡਾ. ਸੰਗਮ ਵੱਲੋਂ ਮਜ਼ਦੂਰ ਦਾ ਅਪ੍ਰੇਸ਼ਨ ਕਰਨ ਤੋਂ ਬਾਅਦ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਮਰੀਜ਼ ਬਿਲਕੁਲ ਤੰਦਰੁਸਤ ਹੈ ਤੇ ਕੰਮ ਕਰ ਸਕਦਾ ਹੈ ਪਰ ਮਰੀਜ਼ ਦੀ ਲੱਤ ’ਚ ਤਕਲੀਫ਼ ਸ਼ੁਰੂ ਹੋ ਗਈ ਤੇ ਜਦੋਂ ਪਰਵਾਸੀ ਮਜ਼ਦੂਰ ਨੂੰ ਮੁੜ ਚੈੱਕ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਲੱਤ ’ਚ ਪਾਈ ਰਾਡ ਟੁੱਟ ਗਈ ਹੈ ਤੇ ਦੁਬਾਰਾ ਅਪ੍ਰੇਸ਼ਨ ਕਰਨਾ ਪਵੇਗਾ ਜਿਸ ਲਈ ਹੋਰ ਪੈਸੇ ਲੱਗਣਗੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਨੇ ਸਵਾ ਲੱਖ ਰੁਪਏ ਦੇ ਕਰੀਬ ਲੈ ਲਏ ਹਨ ਜਦਕਿ ਮਰੀਜ਼ ਦੀ ਲੱਤ ਹਾਲੇ ਤੱਕ ਠੀਕ ਨਹੀਂ ਹੋਈ। ਕਿਸਾਨ ਆਗੂ ਨੇ ਖੁਲਾਸਾ ਕੀਤਾ ਕਿ ਪਹਿਲਾਂ ਡਾਕਟਰਾਂ ਨੂੰ ਮਿਲ ਕੇ ਇਹ ਮਸਲਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਕਿਸਾਨ ਜਥੇਬੰਦੀ ਨੂੰ ਜਾਣਬੁੱਝ ਕੇ ਧਰਨਾ ਲਾਉਣ ਮਜਬੂਰ ਕੀਤਾ ਤੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਕਿਸਾਨਾਂ ਨੂੰ ਮਾੜਾ ਬੋਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਵਲ ਲਾਈਨ ਥਾਣਾ ਵਿੱਚ ਆਹਮੋ-ਸਾਹਮਣੇ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਡਾਕਟਰ ਧਿਰ ਵੱਲੋਂ ਕਿਹਾ ਗਿਆ ਕਿ ਮਰੀਜ਼ ਪਰਿਵਾਰ ਵੱਲੋਂ ਸਿਰਫ਼ 75 ਹਜ਼ਾਰ ਰੁਪਏ ਦਿੱਤੇ ਗਏ ਹਨ। ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਡਾਕਟਰ ਵੱਲੋਂ ਬਣਾਈ ਗਈ ਪਰਚੀ ’ਤੇ ਕਟਿੰਗ ਕੀਤੀ ਹੋਈ ਸੀ। ਦੂਜੇ ਪਾਸੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਬਾਅ ਪਾਉਣ ਵਾਲਾ ਤਰੀਕਾ ਬਿਲਕੁਲ ਗਲਤ ਹੈ।
ਆਰਐੱਮਪੀ ਡਾਕਟਰ ਯੂਨੀਅਨ ਨੇ ਧਰਨਾ ਕਰਵਾਇਆ ਸਮਾਪਤ
ਬੀਕੇਯੂ ਡਕੌਂਦਾ ਤੇ ਬਠਿੰਡਾ ਦੇ ਡਾਕਟਰਾਂ ਵੱਲੋਂ ਚੱਲ ਰਹੇ ਆਹਮੋ ਸਾਹਮਣੇ ਧਰਨੇ ਵਿੱਚ ਸਮਝੌਤਾ ਕਰਾਉਂਦਿਆਂ ਆਰਐੱਮਪੀ ਡਾਕਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਗਸੀਰ ਸ਼ਰਮਾ ਗਹਿਰੀ ਭਾਗੀ ਨੇ ਕਿਸਾਨ ਜਥੇਬੰਦੀ ਤੇ ਡਾਕਟਰ ਯੂਨੀਅਨ ਵਿੱਚ ਸਮਝੌਤਾ ਕਰਵਾ ਦਿੱਤਾ ਹੈ। ਸਮਝੌਤੇ ਦੀ ਪੁਸ਼ਟੀ ਕਰਦੇ ਹੋਏ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਨੇ ਕਿਹਾ ਕਿ ਆਰਐਮਪੀ ਯੂਨੀਅਨ ਵੱਲੋਂ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਆਰਐਮਪੀ ਯੂਨੀਅਨ ਨੇ ਵਿਸ਼ਵਾਸ ਦਿਵਾਇਆ ਕਿ ਆਰਐਮਪੀ ਯੂਨੀਅਨ ਵੀ ਡਾਕਟਰਾਂ ਖ਼ਿਲਾਫ਼ ਡਟੇਗੀ। ਦੋਵਾਂ ਧਿਰਾਂ ਦੀ ਸਹਿਮਤੀ ਲੈ ਕੇ ਇੱਕ ਵਾਰ ਧਰਨਾ ਚੁੱਕ ਦਿੱਤਾ ਗਿਆ ਹੈ।