ਮਨੋਜ ਸ਼ਰਮਾ
ਬਠਿੰਡਾ, 27 ਮਈ
ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿੱਚ ਇਜ਼ਰਾਈਲ ਦੂਤਾਵਾਸ ਦੇ ਖੇਤੀਬਾੜੀ ਕਾਉਂਸਲਰ ਯੇਅਰ ਇਸ਼ੇਲ ਵੱਲੋਂ ਆਪਣੀ ਟੀਮ ਨਾਲ ਯੂਨੀਵਰਸਿਟੀ ਦੇ ਜੋਧਪੁਰ ਪਾਖਰ ਵਿੱਚ ਬਣੇ ਫਾਰਮ ਦਾ ਦੌਰਾ ਕੀਤਾ ਗਿਆ। ਉਹ ਦੌਰੇ ਦੌਰਾਨ ਸੈਂਟਰਲ ਆਫ ਐਕਸੀਲੈਂਸ ਦੇ ਪ੍ਰਾਜੈਕਟ ਨੂੰ ਦੇਖਣ ਲਈ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਦੱਖਣੀ ਪੱਛਮੀ ਪੰਜਾਬ ਵਿੱਚ ਇਹ ਇੰਡੋ ਇਜ਼ਰਾਈਲ ਪ੍ਰਾਜੈਕਟ 2012 ਤੋਂ ਚੱਲ ਰਿਹਾ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਵਿੱਚ ਇਹ ਇਕਲੌਤਾ ਖੋਜ ਪ੍ਰਾਜੈਕਟ ਹੈ। ਇਸ ਦੌਰੇ ਦੌਰਾਨ ਡਾ. ਓਪੀ ਚੌਧਰੀ ਮੁਖੀ ਭੂਮੀ ਵਿਭਾਗ ਪੀਏਯੂ ਲੁਧਿਆਣਾ, ਡਾ. ਜਗਦੀਸ਼ ਗਰੋਵਰ, ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਕੇ.ਐੱਸ ਸੇਖੋਂ, ਡਾ. ਰਾਕੇਸ਼ ਸ਼ਾਰਦਾ ਮੌਜੂਦ ਸਨ। ਡਾ. ਓਪੀ ਚੌਧਰੀ ਨੇ ਇਸ ਪ੍ਰਾਜੈਕਟ ਬਾਰੇ ਚਾਨਣਾ ਪਾਇਆ ਕਿ ਕਿਵੇਂ ਇਹ ਪ੍ਰਾਜੈਕਟ ਫ਼ਲਾਂ ਤੇ ਸਬਜ਼ੀਆਂ ਲਈ ਖਾਰੇ ਪਾਣੀ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਮੌਕੇ ਮਾਹਰਾਂ ਨੇ ਦੱਸਿਆ ਕਿ ਖੇਤੀ ਵਿੱਚ ਲੂਣ ਰੂਪੀ ਖਾਰੇਪਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਇਸ ਮੌਕੇ ਇਸਰਾਈਲ ਦੇ ਖੇਤੀ ਕਾਉਂਸਲਰ ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਪ੍ਰਾਜੈਕਟ ਨੂੰ ਜਾਰੀ ਰੱਖਣ ’ਤੇ ਜ਼ੋਰ ਦਿੱਤਾ। ਇਸ ਮੌਕੇ ਇਜ਼ਰਾਈਲ ਜੇ ਖੇਤੀਬਾੜੀ ਕਾਉਂਸਲਰ ਨੇ ਡੈਸੈਲੀਨੇਸ਼ਨ ਦਾ ਦੌਰਾ ਕੀਤਾ ਜੋ ਖੇਤੀਬਾੜੀ ਦੀ ਵਰਤੋਂ ਲਈ ਰਿਵਰਸ ਓਸਮੋਸਿਸ ਦੁਆਰਾ ਲੂਣੇ ਪਾਣੀ ਨੂੰ ਸ਼ੁੱਧ ਕਰਕੇ ਵਰਤਣ ਯੋਗ ਬਣਾਉਂਦਾ ਹੈ। ਉਨ੍ਹਾਂ ਨੇ ਖ਼ਰਬੂਜ਼ੇ ਦੇ ਪੌਲੀ ਹਾਊਸ ਦਾ ਦੌਰਾ ਕੀਤਾ ਤੇ ਖਰਬੂਜੇ ਦੇ ਉਤਪਾਦਨ ਤੇ ਗੁਣਾਤਮਕ ਪਹਿਲੂਆਂ ਬਾਰੇ ਵੀ ਤਜਰਬੇ ਸਾਂਝੇ ਕੀਤੇ।