ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਅੰਦਰੂਨੀ ਕਲੇਸ਼ ’ਚ ਉਲਝੀ ਕਾਂਗਰਸ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੰਡੀਗੜ੍ਹ ਰੁੱਝੇ ਹੋਣ ਕਰਕੇ ਆਪਣੇ ਹਲਕੇ ’ਚੋਂ ਗ਼ੈਰਹਾਜ਼ਰ ਹਨ। ਉਨ੍ਹਾਂ ਦੀ ਗ਼ੈਰਮੌਜੂਦਗੀ ’ਚ ਖੱਪਾ ਪੂਰਨ ਲਈ ਸ੍ਰੀ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ (ਜੋਜੋ) ਨੇ ਗੁਰਜ ਸੰਭਾਲ ਲਈ ਹੈ। ਉਹ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਸਮੇਤ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਪ੍ਰਸ਼ਾਸਨ ਤੋਂ ਹੱਲ ਕਰਵਾ ਰਹੇ ਹਨ।
ਉਨ੍ਹਾਂ ਨੇ ਵਾਰਡ ਨੰਬਰ 50 ਵਿਚ ਸੀਵਰੇਜ ਅਤੇ ਸੜਕਾਂ ਦੀ ਉਸਾਰੀ ਦਾ ਨਿਰੀਖ਼ਣ ਕੀਤਾ। ਵਾਰਡ ਨੰਬਰ 39, 41, 46 ਅਤੇ 48 ਵਿੱਚ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੱਲ ਕੀਤਾ। ਉਹ ਵਿੱਤ ਮੰਤਰੀ ਵੱਲੋਂ ਬਰਨਾਲਾ ਬਾਈਪਾਸ ਅਤੇ ਜੁਝਾਰ ਸਿੰਘ ਨਗਰ ਵਿੱਚ ਖੋਲ੍ਹੇ ਦਫ਼ਤਰਾਂ ’ਚ ਗਏ ਅਤੇ ਲੋਕਾਂ ਨਾਲ ਰਾਬਤਾ ਗੰਢਿਆ।
ਜੈਜੀਤ ਜੌਹਲ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਸੰਕੋਚ ਆਪਣੀਆਂ ਸਮੱਸਿਆ ਉਨ੍ਹਾਂ ਨੂੰ ਦੱਸਣ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਹੱਲ ਹੋ ਸਕੇ।