ਮਨੋਜ ਸ਼ਰਮਾ
ਬਠਿੰਡਾ, 9 ਅਗਸਤ
ਫਰੀਦਕੋਟ ਰਿਆਸਤ ਅਤੇ ਹੁਣ ਬਠਿੰਡਾ ਜ਼ਿਲ੍ਹੇ ਵਿਚ ਕੁਝ ਅਜਿਹੇ ਪਿੰਡ ਹਨ, ਜਿਥੇ ਦੀਵਾ ਨਹੀਂ ਬਲਦਾ ਪਰ ਫ਼ਸਲਾਂ ਲਹਿਰਾ ਰਹੀਆਂ ਹਨ। ਇਨ੍ਹਾਂ ਪਿੰਡਾਂ ਵਿਚ ਕਦੇ ਕੋਈ ਲੀਡਰ ਵੋਟ ਮੰਗਣ ਨਹੀਂ ਗਿਆ। ਜੇ ਪਿੰਡ ਵੱਸਦਾ ਹੋਵੇ ਤਾਂ ਹੂਟਰ ਵੱਜਣ। ਬਾਸ਼ਿੰਦੇ ਵਸਦੇ ਹੋਣ ਤਾਂ ਬਾਬੇ ਤਾਸ਼ ਵੀ ਕੁੱਟਣ। ਇਨ੍ਹਾਂ ਪਿੰਡਾਂ ਵਿਚ ਨਾ ਕੋਈ ਸੱਥ ਹੈ ਤੇ ਨਾ ਮੋੜੀ ਗੱਡ ਬਾਬੇ। ਪੰਚਾਇਤ ਵਿਭਾਗ ਕੋਲ ਇਨ੍ਹਾਂ ਪਿੰਡਾਂ ਦੇ ਨਾਮ ਨਹੀਂ ਹਨ ,ਪਰ ਮਾਲ ਵਿਭਾਗ ਜਾਣਦਾ ਹੈ ਕਿ ਇਨ੍ਹਾਂ ਪਿੰਡਾਂ ਨੂੰ ਕਿਹੜਾ ਰਸਤਾ ਜਾਂਦਾ ਅਤੇ ਕਿਥੇ ਖੁੱਲ੍ਹਦਾ ਹੈ। ਮਾਲ ਵਿਭਾਗ ਦਾ ਇੱਕ ਸਾਬਕਾ ਪਟਵਾਰੀ ਦੱਸਦਾ ਹੈ ਕਿ ਇਨ੍ਹਾਂ ਪਿੰਡਾਂ ਵਿਚ ਜ਼ਮੀਨੀ ਰਕਬਾ ਹੈ ਪਰ ਇਨ੍ਹਾਂ ਪਿੰਡਾਂ ਨੂੰ ਬੇਚਰਾਗ ਬੋਲਿਆ ਜਾਂਦਾ ਹੈ ਭਾਵ ਇਥੇ ਦੀਵਾ ਨਹੀਂ ਬਲਦਾ। ਰੈਵੇਨਿਊ ਵਿਭਾਗ ਅਨੁਸਾਰ ਇਨ੍ਹਾਂ ਪਿੰਡਾਂ ਦਾ ਵੱਖਰਾ ਰਿਕਾਰਡ ਹੈ। ਵੱਖਰੇ ਹੱਦਬਸਤ ਨੰਬਰ ਹਨ, ਵੱਖਰੇ ਪਟਵਾਰ ਸਰਕਲ ਹਨ ਅਤੇ ਪਟਵਾਰੀ ਵੀ ਵੱਖਰੇ ਹਨ। ਬਠਿੰਡਾ ਅ੍ਰੰਮਿਤਸਰ ਹਾਈਵੇਅ ’ਤੇ ਪੈਂਦਾ ਪਿੰਡ ਚੱਕ ਜੀਦਾ ਅਤੇ ਚੱਕ ਗੋਨਿਆਣਾ ਅਜਿਹੇ ਪਿੰਡਾਂ ਦੀ ਸੂਚੀ ਵਿੱਚ ਸ਼ੁਮਾਰ ਹਨ ਜਿਥੇ ਦੀਵਾ ਨਹੀਂ ਬਲਦਾ। ਹੁਣ ਪਿੰਡ ਮਹਿਣਾਂ ਵੀ ਬੇਚਰਾਗ ਹੋ ਚੁੱਕਿਆ ਹੈ। ਬਜ਼ੁਰਗਾਂ ਅਨੁਸਾਰ ਅੰਗਰੇਜ ਰਾਜ ਦੌਰਾਨ ਰਾਜੇ ਪਿੰਡਾਂ ਦੀ ਗਿਣਤੀ ਦਿਖਾਉਣ ਲਈ ਕਈ ਪਿੰਡਾਂ ਦੇ ਨਾਮ ਫਰਜ਼ੀ ਘੋਸ਼ਿਤ ਕਰ ਦਿੰਦੇ ਸਨ। ਜ਼ਿਆਦਾਤਰ ਪਿੰਡ ਫਰੀਦਕੋਟ ਰਿਆਸਤ ਵਿਚ ਹਨ, ਜਿਨ੍ਹਾਂ ਨੂੰ ਬੇਚਰਾਗ ਕਿਹਾ ਜਾਂਦਾ ਹੈ।
ਮਾਲ ਵਿਭਾਗ ਦੇ ਸਾਬਕਾ ਪਟਵਾਰੀ ਨੇ ਪੁਸ਼ਟੀ ਕੀਤੀ ਹੈ ਕਿ ਫਰੀਦਕੋਟ ਰਿਆਸਤ ਦੌਰਾਨ ਇਹ ਪਿੰਡ ਖੁੰਭਾਂ ਵਾਂਗ ਉੱਭਰੇ। ਇਹ ਨੌਜਵਾਨ ਪੀੜ੍ਹੀ ਲਈ ਹੈਰਾਨੀ ਵਾਲੀ ਗੱਲ ਜ਼ਰੂਰ ਹੋਵੇਗੀ। ਮਾਲ ਵਿਭਾਗ ਦਾ ਬਾਬਾ ਆਦਮ ਇਸ ਕਦਰ ਨਿਰਾਲਾ ਹੈ ਕਿ ਇਸ ਦੇ ਰਿਕਾਰਡ ਨੂੰ ਪੜ੍ਹਨਾ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ। ਇਸ ਵਿਚ ਵਰਤੇ ਜਾਂਦੇ ਜ਼ਿਆਦਾਤਰ ਸ਼ਬਦ ਉਰਦੂ ਵਿੱਚ ਹਨ ਜਿਵੇਂ ਖਤੌਨੀ, ਖੇਵਟ, ਸੱਜਰਾ, ਤਬਾਦਲਾ, ਇੰਦਰਾਜ, ਮੁਸਤਰੀ ਆਦਿ। ਪਿੰਡਾਂ ਤੋਂ ਇਲਾਵਾ ਇੱਕ ਵੱਖਰੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਮਾਲਵੇ ਖੇਤਰ ਦੇ ਕਈ ਪਿੰਡਾਂ ਵਿਚ 24 ਕਨਾਲਾਂ ਦੇ ਕਿੱਲੇ ਵੀ ਹਨ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਮੁਰੱਬੇਬੰਦੀ ਤੋਂ ਬਾਅਦ ਜ਼ਿਆਦਾਤਰ 8 ਕਨਾਲਾਂ ਦੇ ਕਿੱਲੇ ਹਨ।
ਮਾਲ ਮਹਿਕਮੇ ਅਨੁਸਾਰ ਇਨ੍ਹਾਂ ਦੀ ਮਿਣਤੀ ਕਰਨ ਵੇਲੇ 24 ਕਨਾਲਾਂ ਦੇ ਕਿੱਲੇ ਦੀ ਕਰਮ ਵੱਖਰੀ ਹੈ ਅਤੇ 8 ਕਨਾਲਾਂ ਦੇ ਕਿੱਲੇ ਦੀ ਵੱਖਰੀ। ਬਠਿੰਡਾ ਦੇ ਪਿੰਡ ਸਿਵੀਆਂ, ਮਹਿਮਾ ਭਗਵਾਨਾ, ਬੁਲਾਢੇਵਾਲਾ, ਭਾਗੂ, ਫਰੀਦਕੋਟ ਕੋਟਲੀ, ਸਾਬੋ ਕੋਟਲੀ ਆਦਿ ਵਿਚ 24 ਕਨਾਲਾਂ ਦੇ ਕਿੱਲੇ ਹਨ।