ਸ਼ਗਨ ਕਟਾਰੀਆ
ਬਠਿੰਡਾ, 27 ਅਗਸਤ
ਇੱਥੋਂ ਦੀ ਗਣੇਸ਼ਾ ਬਸਤੀ ਦੇ ਵਸਨੀਕ ਲਵਲੀਨ ਕੁਮਾਰ (44) ਪੁੱਤਰ ਪ੍ਰੇਮ ਨਾਥ ਦੀ ਲਾਸ਼ ਥਰਮਲ ਪਲਾਂਟ ਦੀ ਇੱਕ ਝੀਲ ’ਚੋਂ ਅੱਜ ਮਿਲੀ ਹੈ ਜੋ ਬੀਤੇ ਬੁੱਧਵਾਰ ਤੋਂ ਲਾਪਤਾ ਸੀ। ਪਤਾ ਲੱਗਾ ਹੈ ਕਿ ਵਿਅਕਤੀ ਵੱਲੋਂ ਕਪੂਰਥਲਾ ਦੇ ਤਾਂਤਰਿਕ ਪਤੀ-ਪਤਨੀ ਤੋਂ ਦੁਖੀ ਹੋ ਕੇ ‘ਖ਼ੁਦਕੁਸ਼ੀ’ ਕੀਤੀ ਗਈ ਹੈ।
ਝੀਲ ’ਚ ਤੈਰਦੀ ਲਾਸ਼ ਨੂੰ ਥਾਣਾ ਥਰਮਲ ਦੀ ਪੁਲੀਸ ਨੇ ਸਹਾਰਾ ਵਰਕਰਾਂ ਦੀ ਮਦਦ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਪਹੁੰਚਾਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਪੁਲੀਸ ਨੂੰ ਸੌਂਪੇ ਗਏ ਖ਼ੁਦਕੁਸ਼ੀ ਨੋਟ ਬਾਰੇ ਥਾਣਾ ਥਰਮਲ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਲਵਲੀਨ ਕੁਮਾਰ ਵਰਧਮਾਨ ਫੈਕਟਰੀ ਵਿੱਚ ਕੰਮ ਕਰਦਾ ਸੀ।
ਨੌਜਵਾਨ ਵੱਲੋਂ ਖ਼ੁਦਕੁਸ਼ੀ
ਮਲੋਟ: ਇੱਥੇ ਬੁਰਜਾਂ ਵਾਲੇ ਫਾਟਕ ਨੇੜੇ ਮਜ਼ਦੂਰੀ ਕਰਦੇ ਇੱਕ 28 ਸਾਲਾਂ ਦੇ ਵਿਆਹੇ ਨੌਜਵਾਨ ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਿੱਛੇ ਦੋ ਲੜਕੀਆਂ ਅਤੇ ਉਸਦੀ ਪਤਨੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੋਨੂ ਪੁੱਤਰ ਰਾਜੂ ਪੱਲੇਦਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਕੁਝ ਦਿਨ ਪਹਿਲਾਂ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਦੌਰਾਨ ਉਸਦੀ ਪਤਨੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਹੁਣ ਮੁੜ ਉਸ ਦਾ ਪਤਨੀ ਨਾਲ ਝਗੜਾ ਹੋਇਆ ਤੇ ਉਸੇ ਰਾਤ ਉਸ ਨੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ’ਚ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
-ਨਿੱਜੀ -ਪੱਤਰ ਪ੍ਰੇਰਕ