ਸ਼ਗਨ ਕਟਾਰੀਆ
ਬਠਿੰਡਾ, 7 ਅਕਤੂਬਰ
ਇੱਥੋਂ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਅੱਜ ਇੱਥੇ ਪਰਸ ਰਾਮ ਚੌਕ ਵਿੱਚ ਵਿਲੱਖਣ ਪ੍ਰਦਰਸ਼ਨ ਕਰਕੇ ‘ਮਹਿੰਗਾਈ’ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਕੋਸਿਆ। ਵਿਜੈ ਕੁਮਾਰ ਨੇ ਕਰੇਨ ’ਤੇ 60 ਫੁੱਟ ਉੱਚਾ ਚੜ੍ਹ ਕੇ ਦੂਰਬੀਨ ਨਾਲ ਪ੍ਰਧਾਨ ਮੰਤਰੀ ਦੇ ਅੱਛੇ ਦਿਨ ‘ਤਲਾਸ਼ਣ’ ਦੀ ਕੋਸ਼ਿਸ਼ ਕੀਤੀ। ਅਖ਼ੀਰ ਹੰਭ ਕੇ ਕਿਹਾ ‘ਮੈਨੂੰ ਤਾਂ ਦੂਰ-ਦੂਰ ਤੱਕ ਕਿਤੇ ਨੀ ਦਿਖੇ’। ਕਰੇਨ ’ਤੇ ਵਿਜੈ ਕੁਮਾਰ ਨੇ ‘ਕਯਾ ਯਹੀ ਅੱਛੇ ਦਿਨ ਹੈਂ?’, ‘ਜੋ 600 ਕਿਸਾਨ ਸ਼ਹੀਦ ਹੋਏ, ਉਨ੍ਹਾਂ ਬਾਰੇ ਮੋਦੀ ਚੁੱਪ ਕਿਉਂ?’, ‘ਇੰਡੀਆ ਫ਼ਾਰ ਸੇਲ’ ਦੇ ਫ਼ਲੈਕਸ ਟੰਗੇ ਹੋਏ ਸਨ। ਪੈਟਰੌਲੀਅਮ ਪਦਾਰਥਾਂ ਅਤੇ ਰਸੋਈ ’ਚ ਰੋਜ਼ਾਨਾ ਵਰਤੋਂ ਦੇ ਘਰੇਲੂ ਸਾਮਾਨ ਅੰਤਾਂ ਦਾ ਮਹਿੰਗਾ ਹੋਣ ਦਾ ਦੋਸ਼ ਲਾਉਂਦਿਆਂ ਵਿਜੈ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦਾ ਬੇੜਾ ਗਰਕ ਦਿੱਤਾ ਹੈ। ਡੀਜ਼ਲ ਤੇ ਪੈਟਰੌਲ 100 ਰੁਪਏ ਨੇੜੇ ਹਨ, ਰਸੋਈ ਗੈਸ 1000 ਨੂੰ ਹੱਥ ਲਾਉਣ ਵਾਲੀ ਹੈ। ਸਰ੍ਹੋਂ ਦਾ ਤੇਲ ਚੌਗੁਣੇ ਰੇਟਾਂ ’ਤੇ ਹੋ ਗਿਆ ਹੈ। ਵਿਜੈ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਵਿਰਤੀ ਹਿਟਲਰਸ਼ਾਹੀ ਹੈ। ਸਾਬਕਾ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਨੇ ਏਅਰ ਇੰਡੀਆ ਅਤੇ ਭਾਰਤੀ ਰੇਲਵੇ ਸਮੇਤ ਲਗਪਗ ਸਾਰੇ ਜਨਤਕ ਅਦਾਰਿਆਂ ਨੂੰ ਕਾਰਪੋਰੇਟਾਂ ਹਵਾਲੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਵਿਜੈ ਨੇ ਮੱਧ ਵਰਗ ਨੂੰ ਸਰਕਾਰੀ ਸਹੂਲਤਾਂ ਦੇਣ ਦੀ ਪੁਰਜ਼ੋਰ ਵਕਾਲਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਸਸੀ/ਬੀਸੀ ਨੂੰ ਸਹੂਲਤਾਂ ਦੇਣ ਦੀ ਕੋਈ ਦਿੱਕਤ ਨਹੀਂ ਪਰ ਆਰਥਿਕ ਮੰਦਹਾਲੀ ਦੀ ਚੱਕੀ ’ਚ ਪਿਸ ਰਹੇ ਮੱਧ ਵਰਗ ਦੀ ਵੀ ਸੁਣੀ ਜਾਣੀ ਚਾਹੀਦੀ ਹੈ।