ਪੱਤਰ ਪ੍ਰੇਰਕ
ਬਠਿੰਡਾ, 10 ਸਤੰਬਰ
ਮਾਲਵਾ ਪੱਟੀ ਨਰਮੇ ਪੱਟੀ ਵਜੋਂ ਜਾਣਿਆ ਜਾਂਦਾ ਹੈ , ਨਰਮਾ ਪੱਟੀ ਦੇ ਕਿਸਾਨ ਬੇਮੌਸਮੀ ਬਾਰਸ਼ ਅਤੇ ਨਰਮੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਚਿੰਤਾਂ ਵਿੱਚ ਡੁੱਬ ਗਏ ਹਨ, ਜਿਸ ਕਾਰਨ ਖੇਤੀਬਾੜੀ ਵਿਭਾਗ ਨੂੰ ਭਾਜੜਾ ਪਈਆਂ ਹੋਈਆ ਹਨ। ਵਿਭਾਗ ਵੱਲੋਂ ਬਠਿੰਡਾ ਵਿਚ 45 ਟੀਮ ਅਤੇ ਮਾਨਸਾ ਵਿਚ 16 ਖੇਤੀ ਮਾਹਿਰ ਡਾਕਟਰਾਂ ਦੀ ਟੀਮਾ ਦਾ ਗਠਨ ਕਰਕੇ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਅਤੇ ਕਿਸਾਨ ਨੂੰ ਸੁੰਡੀ ਪ੍ਰਤੀ ਜਾਗਰੂਕ ਕਰਨ ਲਈ ਪਿੰਡਾਂ ਦੀ ਸੱਥਾਂ ਵਿਚ ਅਤੇ ਖੇਤਾਂ ਵਿਚ ਜਾ ਕੇ ਸਰਵੇ ਕਰਨ ਲਈ ਭੇਜਿਆ ਗਿਆ ਹੈ। ਬਠਿੰਡਾ ਬਲਾਕ , ਸੰਗਤ ਬਲਾਕ ,ਤਲਵੰਡੀ ਬਲਾਕ ਵਿਚ ਗੁਲਾਬੀ ਸੁੰਡੀ ਦਾ ਹਮਲਾ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ। ਖੇਤੀ ਮਾਹਿਰਾ ਦੀ ਟੀਮ ਮਹਿਕਮੇ ਦੀਆਂ ਸਿਫਾਰਸਾਂ ਮੁਤਾਬਿਕ ਹੀ ਕਿਸਾਨਾਂ ਨੂੰ ਸਪਰੇਅ ਕਰਨ ਦਾ ਸੁਝਾਅ ਦੇ ਰਹੇ ਹਨ। ਸੁੰਡੀ ਤੋਂ ਡਰਦੇ ਕਿਸਾਨ ਭਰ ਜੋਬਨ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਦੇਖ ਸਪਰੇਅ ਦਾ ਦੌਰ ਚਲਾ ਰਹੇ ਹਨ।
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਅੱਜ ਅਚਾਨਕ ਬੇਈਮਾਨ ਹੋਏ ਮੌਸਮ ਨਾਲ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਏ ਬੈਠੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਖੇਤੀ ਅਧਿਕਾਰੀਆਂ ਵੱਲੋਂ ਦੱਸੀਆਂ ਸਪਰੇਆਂ ਦੇ ਛਿੜਕਾਅ ਲਈ ਮੀਂਹ ਸਭ ਤੋਂ ਵੱਡਾ ਦੁਸ਼ਮਣ ਬਣ ਉਤਰਿਆ। ਮੀਂਹ ਤੋਂ ਬਾਅਦ ਸਿੱਲੇ ਮੌਸਮ ਵਿੱਚ ਕਿਸੇ ਕਿਸਾਨ ਨੇ ਸਪਰੇਅ ਨਾ ਕੀਤੀ, ਸਗੋਂ ਖੇਤੀ ਅਧਿਕਾਰੀਆਂ ਦੇ ਸੁੰਡੀ ਦੇ ਬਚਾਅ ਲਈ ਪੜਾਏ ਜਾ ਰਹੇ ਪਾਠ ਦੇ ਬਾਵਜੂਦ ਕੁਦਰਤ ਦੇ ਰਹਿਮੋ-ਕਰਮ ਦਾ ਆਸਰਾ ਤੱਕਦਾ ਰਿਹਾ। ਮੌਸਮ ਮਹਿਕਮੇ ਵੱਲੋਂ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਹੋਰ ਡਰਾ ਧਰਿਆ ਹੈ।
ਸੁੰਡੀ ਖਤਮ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਝੁਨੀਰ (ਪੱਤਰ ਪ੍ਰੇਰਕ): ਕਸਬਾ ਝੁਨੀਰ ਦੇ ਨਰਮਾ ਉਤਪਾਦਕ ਮਲੂਕ ਸਿੰਘ ਹੀਰਕੇ, ਜਗਸੀਰ ਸਿੰਘ ਸੀਰਾ, ਤਰਸੇਮ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਸਬਾ ਝੁਨੀਰ ਅਤੇ ਨਜ਼ਦੀਕੀ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਆਪਣੀ ਮਜ਼ਬੂਤ ਪਕੜ ਵਿੱਚ ਲੈ ਲਈ ਹੈ ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ।