ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 25 ਅਕਤੂਬਰ
ਦੀਵਾਲੀ ਦੀ ਦੇਰ ਸ਼ਾਮ ਸ਼ਹਿਰ ਦੇ ਭੀੜ ਭੜੱਕੇ ਤੇ ਪੌਸ਼ ਇਲਾਕੇ ਨਿਊ ਟਾਉੂਨ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਪਰ ਅੱਗ ਦਾ ਅੱਗੇ ਫੈਲਣ ਤੋਂ ਬਚਾਅ ਹੋ ਗਿਆ।
ਦੀਵਾਲੀ ਕਰਕੇ ਦੁਕਾਨਦਾਰਾਂ ਵੱਲੋਂ ਲਗਾਏ ਸ਼ਮਿਆਨੇ ਤੇ ਭੀੜ ਭੜੱਕੇ ਕਾਰਨ ਅੱਗ ਬੁਝਾਊ ਗੱਡੀਆਂ ਵੀ ਰਸਤੇ ਵਿੱਚ ਪੰਦਰਾਂ ਮਿੰਟ ਫਸੀਆਂ ਰਹੀਆਂ। ਅੱਗ ਬੁਝਾਊ ਅਮਲੇ ਦੀਆਂ ਤਿੰਨ ਗੱਡੀਆਂ ਨੇ ਜੱਦੋ-ਜਹਿਦ ਨਾਲ ਅੱਗ ਉਪਰ ਕਾਬੂ ਪਾ ਲਿਆ ਗਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਹੀ ਪੂਜਾ ਕਰਕੇ ਘਰ ਗਏ ਸਨ। ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਬਠਿੰਡਾ (ਪੱਤਰ ਪ੍ਰੇਰਕ): ਲੰਘੀ ਦੀਵਾਲੀ ਵਾਲੀ ਰਾਤ ਬਠਿੰਡਾ ਦੀਆਂ ਵੱਖ ਵੱਖ 16 ਥਾਵਾਂ ’ਤੇ ਪਟਾਕਿਆਂ ਨਾਲ ਅੱਗ ਲੱਗਣ ਦੀਆਂ ਖਬਰਾਂ ਹਨ ਪਰ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਫਾਇਰ ਬ੍ਰਿਗੇਡ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਭਾਗੂ ਪਿੰਡ ਵਿਚ ਝੋਨੇ ਨੂੰ ਅੱਗ ਲੱਗੀ ਉਥੇ ਨਜ਼ਦੀਕੀ ਪਿੰਡ ਦਾਨ ਸਿੰਘ ਵਾਲਾ ਦੇ ਕਿਸਾਨ ਬਿੱਕਰ ਸਿੰਘ ਪੁੱਤਰ ਸ਼ੇਰ ਸਿੰਘ ਦੇ ਕੋਠੇ ਵਿੱਚ ਆਤਸ਼ਬਾਜ਼ੀ ਵੱਜਣ ਕਾਰਨ 15 ਟਰਾਲੀਆਂ ਤੂੜੀ ਦੀਆਂ ਸੜ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਕਾਬੂ ਕੀਤਾ। ਇਸ ਤਰ੍ਹਾਂ ਹੀ ਬਠਿੰਡਾ ਤੋਂ ਬੀਬੀ ਵਾਲਾ ਰੋਡ ਤੇ ਖਾਲੀ ਪਲਾਟ ਵਿਚ ਅੱਗ ਲੱਗਣ ਤੋਂ ਇਲਾਵਾ ਕਮਲਾ ਨਹਿਰੂ ਦੇ ਖਾਲੀ ਪਲਾਟ ਦੇ ਘਾਹ ਫੂਸ ਵਿਚ ਅੱਗ, ਭਾਗੂ ਰੋਡ ਗਲੀ ਨੰਬਰ 2 ਦੇ ਖਾਲੀ ਪਲਾਟ ਦੇ ਘਾਹ ਫੂਸ ਵਿਚ ਅੱਗ, ਭਾਗੂ ਰੋਡ ਗਲੀ ਨੰਬਰ 10 ਵਿਚ ਅੱਗ ਸਰਾਭਾ ਨਗਰ ਵਿੱਚ ਖਾਲੀ ਪਲਾਟ ਦੇ ਘਾਹ ਫੂਸ ਨੂੰ ਅੱਗ, ਬਲਰਾਮ ਖੇਤਰ ਦੇ ਖਾਲੀ ਪਲਾਟ ਵਿਚ ਅੱਗ, ਕਪਾਹ ਮੰਡੀ ਨਜ਼ਦੀਕ ਜਾਮਾ ਮਸਜਿਦ ਦੇ ਖਾਲੀ ਪਲਾਟ ਦੇ ਘਾਹ ਫੂਸ ਨੂੰ ਅੱਗ ਅਤੇ ਇਸ ਤੋਂ ਇਲਾਵਾ ਬਾਬਾ ਫਰੀਦ ਨਗਰ ਵਿਚ ਬਲਕਰਨ ਸਿੰਘ ਦੀ ਸਵਿਫਟ ਕਾਰ ਸੜ ਕਿ ਸਵਾਹ ਹੋ ਗਈ।