ਸ਼ਗਨ ਕਟਾਰੀਆ
ਬਠਿੰਡਾ, 6 ਦਸੰਬਰ
ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਤੋਂ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਵਾਸੀਆਂ ਨਾਲ ਕੀਤੇ ਮੁੱਦਿਆਂ ’ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਪੂਰੀ ਪਾਰੀ ਖੇਡ ਲਈ ਹੈ ਪਰ ਹਲਕੇ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਸ੍ਰੀ ਗਿੱਲ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਵੱਲੋਂ ਕੀਤੇ ਵਾਅਦੇ ਪੰਜ ਸਾਲ ਬੀਤਣ ’ਤੇ ਵੀ ਵਫ਼ਾ ਨਹੀਂ ਹੋਏ, ਇਸ ਲਈ ਉਨ੍ਹਾਂ ਨੂੰ ਮੁੜ ਲੋਕ ਕਚਹਿਰੀ ’ਚ ਆ ਕੇ ਵੋਟਾਂ ਮੰਗਣ ਦਾ ਕਤੱਈ ਹੱਕ ਨਹੀਂ। ਸ੍ਰੀ ਗਿੱਲ ਨੇ ਵਿੱਤ ਮੰਤਰੀ ਵੱਲੋਂ ਕੀਤੇ ਵਾਅਦੇ ਗਿਣਾਉਂਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ’ਤੇ ਪਾਈ ਸਹੀ ਦੀ ਨਿੰਦਾ ਕਰਦਿਆਂ ਵਿੱਤ ਮੰਤਰੀ ਨੇ ਥਰਮਲ ਚਾਲੂ ਰੱਖਣ ਦਾ ਵੋਟਰਾਂ ਨਾਲ ਵੱਡਾ ਵਾਅਦਾ ਕੀਤਾ ਸੀ। ਇਸੇ ਤਰ੍ਹਾਂ ਸ਼ਹਿਰ ’ਚ ਥੋੜ੍ਹੇ ਮੀਂਹ ਨਾਲ ਹੁੰਦੇ ਜਲ-ਥਲ ਤੋਂ ਬਚਾਅ ਲਈ ਸੀਵਰੇਜ ਸਿਸਟਮ ਦੀ ਦਰੁਸਤਗੀ ਲਈ ਸੇਲਜ਼ ਕਰੀਅਰ ਦੀ ਸਮਰੱਥਾ ਵਧਾਉਣ ਅਤੇ ਰੇਨ ਡਿਸਪੋਜ਼ਲ ਸੀਵਰੇਜ ਤੋਂ ਮੋਟਰਾਂ ਦਾ ਪ੍ਰਬੰਧ ਹਟਾ ਕੇ, ਗਰੈਵਿਟੀ ਫ਼ਲੋਅ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਕਚਰਾ ਪਲਾਂਟ ਸ਼ਹਿਰੀ ਆਬਾਦੀ ’ਚੋਂ ਤਰਜੀਹੀ ਤੌਰ ’ਤੇ ਬਾਹਰ ਕੱਢਣ ਸਮੇਤ ਹੋਰ ਵਾਅਦੇ ਕੀਤੇ ਸਨ, ਜੋ ਨਿਭਾਏ ਨਹੀਂ ਗਏ। ਜ਼ਿਕਰਯੋਗ ਹੈ ਕਿ 1979 ਤੋਂ ਲਗਾਤਾਰ 7ਵੀਂ ਵਾਰ ਕੌਂਸਲਰ ਬਣਦੇ ਆ ਰਹੇ ਹਨ। ਲੰਘੇ ਅਗਸਤ ਮਹੀਨੇ ਉਹ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।