ਸ਼ਗਨ ਕਟਾਰੀਆ
ਬਠਿੰਡਾ, 2 ਸਤੰਬਰ
ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਇੱਥੇ ਪੀਆਰਟੀਸੀ ਡਿੱਪੂ ਦੇ ਗੇਟ ’ਤੇ ਰੈਲੀ ਕੀਤੀ ਗਈ।
ਇੱਥੇ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ਼ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਗੱਲ ਕਹਿੰਦੀ ਹੈ ਪਰ ਇਸ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਆਊਟਸੋਰਸਿੰਗ ਦੀ ਭਰਤੀ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਆਊਟਸੋਰਸਿੰਗ ਵਾਲਿਆਂ ਨੂੰ ਆਪਣੇ ਮੁਲਾਜ਼ਮ ਹੀ ਨਹੀਂ ਮੰਨਦੀ, ਜਦੋਂਕਿ ਹਰਿਆਣਾ ਤੇ ਹਿਮਾਚਲ ਦੀਆਂ ਸਰਕਾਰਾ ਉੱਥੋਂ ਦੇ ਵਿਭਾਗਾਂ ਵਿੱਚ 3 ਸਾਲਾਂ ਤੋਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਨੌਜਵਾਨ 10 ਸਾਲ ਕੱਚੀ ਨੌਕਰੀ ਕਰ ਲੈਂਦਾ ਹੈ, ਉਹ ਕਿਸੇ ਹੋਰ ਦਾ ਕੰਮ ਦਾ ਨਹੀਂ ਰਹਿੰਦਾ। ਉਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਕਦੋਂ ਬਲੈਕਲਿਸਟ ਕਰ ਕੇ ਡਿਊਟੀ ਤੋਂ ਫਾਰਗ ਦੇ ਆਰਡਰ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਤਹਿਤ ਭਰਤੀ ਕਰਨੀ ਬੰਦ ਕੀਤੀ ਜਾਵੇ।
ਡਿੱਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਬੱਸ ਅੱਡਿਆਂ ’ਤੇ ਟਾਈਮ ਟੇਬਲ ’ਚ ਇੱਕ ਮਿੰਟ ਦੀ ਹੇਰਾਫੇਰੀ ਲਈ ਕਰੋੜ-ਕਰੋੜ ’ਚ ‘ਵਿਕਦੀ’ ਹੈ। ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਰਿਸ਼ਵਤ ਦੇਣ ਵਾਲੇ ਨੂੰ 5-7 ਕਰੋੜ ਤਾਂ ਬਚਦਾ ਹੋਵੇਗਾ। ਉਨ੍ਹਾਂ ਆਖਿਆ ਕਿ ਭ੍ਰਿਸ਼ਟਾਚਾਰੀ ਰੋਕਣ ਵਿੱਚ ‘ਆਪ’ ਸਰਕਾਰ ਅਸਫ਼ਲ ਰਹੀ ਹੈ ਅਤੇ ਨਿੱਜੀਕਰਨ ਨੂੰ ਹੱਲਾਸ਼ੇਰੀ ਦੇਣ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਨੁਕਤਾ ਉਠਾਇਆ ਪਿਕ ਪਿਛਲੇ ਦਿਨੀਂ ਪ੍ਰਾਈਵੇਟ ਬੱਸਾਂ ਦੀ ਹੜਤਾਲ ਬਾਰੇ 6700 ਪ੍ਰਾਈਵੇਟ ਬੱਸਾਂ ਬੰਦ ਰਹਿਣ ਦੀ ਖ਼ਬਰ ਆਈ ਅਤੇ ਹਾਈ ਕੋਰਟ ਨੇ ਵੀ 6600 ਨਾਜਾਇਜ਼ ਪਰਮਿਟ ਰੱਦ ਕੀਤੇ ਸਨ।
ਰਵਿੰਦਰ ਬਰਾੜ, ਗੁਰਦੀਪ ਝਨੀਰ, ਕੁਲਦੀਪ ਬਾਦਲ, ਹਰਤਾਰ ਸ਼ਰਮਾ, ਗੁਰਪ੍ਰੀਤ ਕਮਾਲੂ ਅਤੇ ਗਗਨਦੀਪ ਖੋਖਰ ਨੇ ਕਿਹਾ ਕਿ ਮੰਗਾਂ ਮੰਨਵਾਉਣ ਲਈ ਯੂਨੀਅਨ ਵੱਲੋਂ 6 ਸਤੰਬਰ ਨੂੰ ਪੀਆਰਟੀਸੀ ਦੇ ਮੁੱਖ ਦਫ਼ਤਰ ਪਟਿਆਲਾ ਅਤੇ 13 ਸਤੰਬਰ ਨੂੰ ਪਨਬਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਧਰਨੇੇ ਦਿੱਤੇ ਜਾਣਗੇ। 20 ਸਤੰਬਰ ਨੂੰ ਟ੍ਰਾਂਸਪੋਰਟ ਮੰਤਰੀ ਪੰਜਾਬ ਦੀ ਕੋਠੀ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 27, 28, 29 ਸਤੰਬਰ ਨੂੰ ਸੂਬਾ ਪੱਧਰੀ ਹੜਤਾਲ ਕਰ ਕੇ ਟਰਾਂਸਪੋਰਟ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।