ਸ਼ਗਨ ਕਟਾਰੀਆ
ਬਠਿੰਡਾ, 2 ਫਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਚੋਣ ਮੁਹਿੰਮ ’ਚ ਤੇਜ਼ੀ ਲਿਆਉਂਦਿਆਂ ਨੁੱਕੜ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਾਲੇ ਗੁੰਮਰਾਹਕੁਨ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਕਾਂਗਰਸ ਵਿਕਾਸ ਦੇ ਹਵਾਲੇ ਨਾਲ ਵੋਟਰਾਂ ਤੋਂ ਫ਼ਤਵਾ ਮੰਗਦੀ ਹੈ। ਅੱਜ ਉਨ੍ਹਾਂ ਭਾਗੂ ਰੋਡ, ਸੰਜੇ ਨਗਰ, ਮਿੰਨੀ ਸਕੱਤਰੇਤ ਰੋਡ, ਅਰਜਨ ਨਗਰ, ਪੀਰਖਾਨਾ ਰੋਡ, ਮਹਿਣਾ ਚੌਕ, ਹੰਸ ਨਗਰ, ਹਾਜੀ ਰਤਨ, ਮਤੀ ਦਾਸ ਨਗਰ, ਬਾਬਾ ਫ਼ਰੀਦ ਨਗਰ, ਬੀਬੀ ਵਾਲਾ ਰੋਡ ਆਦਿ ਖੇਤਰਾਂ ’ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਵੱਡੀਆਂ ਰਾਹਤਾਂ ਅਤੇ ਸ਼ਹਿਰ ਦੇ ਕਰਵਾਏ ਬਹੁ ਮੁਖੀ ਵਿਕਾਸ ਦੇ ਨਾਂਅ ’ਤੇ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਵਿਕਾਸ ਗਤੀਸ਼ੀਲ ਰੱਖਦਿਆਂ, ਪੰਜਾਬ ਦੇ ਖ਼ੁਸ਼ਹਾਲ ਭਵਿੱਖ ਲਈ ਕਾਂਗਰਸ ਦੀ ਦੂਜੀ ਵਾਰ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬੜੀ ਜੱਦੋ ਜਹਿਦ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਮਜ਼ਬੂਤ ਬਣਾਉਣ ਲਈ ਉਪਰਾਲੇ ਕੀਤੇ ਗਏ ਹਨ ਅਤੇ ਇਨ੍ਹਾਂ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਪੰਜਾਬੀਆਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਜੋ ਕਿਹਾ, ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਹਰ ਵਰਗ ਨੂੰ ਮੁਹੱਈਆ ਕਰਵਾਈਆਂ ਬੁਨਿਆਦੀ ਸਹੂਲਤਾਂ ਦੇ ਆਧਾਰ ’ਤੇ ਉਹ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਸ਼ਿਪ, ਕੌਂਸਲਰ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।