ਸ਼ਗਨ ਕਟਾਰੀਆ
ਬਠਿੰਡਾ, 29 ਸਤੰਬਰ
ਇੱਥੋਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਵਿੱਚ ਚੱਲ ਰਹੇ ਕਿਸਾਨ ਮੇਲੇ ਦੀ ਲੜੀ ਦੇ ਅੱਜ ਆਖਰੀ ਪੜਾਅ ਮੌਕੇ ਮੇਲੀਆਂ ਦਾ ਹੜ੍ਹ ਆ ਗਿਆ। ਇਸ ਮੇਲੇ ’ਚ ਪੰਜਾਬ ਦੇ ਘਟਦੇ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਦੀ ਚਿੰਤਾ ਕਰਦਿਆਂ ਇਨ੍ਹਾਂ ਦੀ ਸੰਭਾਲ ’ਤੇ ਜ਼ੋਰ ਦਿੱਤਾ ਗਿਆ। ਪੰਜਾਬ ਲਈ ਫ਼ਿਕਰਮੰਦ ਦਾਨਿਸ਼ਵਰਾਂ ਨੇ ਇਸ ਮੇਲੇ ਤੋਂ ਕਿਸਾਨੀ, ਜਵਾਨੀ, ਪੌਣ ਪਾਣੀ ਅਤੇ ਪੰਜਾਬ ਬਚਾਉਣ ਦਾ ਹੋਕਾ ਦਿੱਤਾ।
ਮੇਲੇ ’ਚ ਬੀਜਾਂ, ਪੌਦਿਆਂ ਦੀਆਂ ਪ੍ਰਦਰਸ਼ਨੀਆਂ, ਖੇਤੀ ਸਾਹਿਤ ਤੋਂ ਇਲਾਵਾ ਖੇਤੀ ਮਾਹਿਰਾਂ ਦੇ ਤਜਰਬਿਆਂ ਵੱਲ ਕਿਸਾਨਾਂ ਦਾ ਧਿਆਨ ਖਿੱਚਿਆ। ਪ੍ਰਧਾਨਗੀ ਭਾਸ਼ਨ ਵਿੱਚ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਸਾਨਾਂ ਦਾ ਸਵਾਗਤ ਕਰਦਿਆਂ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਬੀਜਾਂ ਅਤੇ ਪੌਦਿਆਂ ਦੀਆਂ ਕਿੱਟਾਂ ਦੀ ਬੰਪਰ ਵਿਕਰੀ ਦਾ ਖੁਲਾਸਾ ਕਰਦਿਆਂ ਖ਼ੁਸ਼ੀ ਪ੍ਰਗਟਾਈ ਕਿ ਇਸ ਨਾਲ ਕਿਸਾਨਾਂ ਅਤੇ ਯੂਨੀਵਰਸਿਟੀ ਵਿਚਕਾਰ ਵਿਸ਼ਵਾਸ ਪੱਕਾ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਦੀ ਸਿਹਤ ਲਈ ਹਾਨੀਕਾਰਕ ਤੱਤਾਂ ਵਜੋਂ ਕੰਮ ਕਰਨ ਵਾਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਵੀ ਆਖਿਆ। ਉਨ੍ਹਾਂ ਖੇਤੀ ਅਤੇ ਸਮਾਜਿਕ ਖ਼ਰਚਿਆਂ ਬਾਰੇ ਚਿੰਤਤ ਹੁੰਦਿਆਂ, ਸੂਬੇ ਦੀ ਖੇਤੀ ਆਰਥਿਕਤਾ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਖਰਚੇ ਘਟਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਡਾ. ਗੋਸਲ ਨੇ ਪਾਣੀ ਦੇ ਪੱਧਰ ਦੀ ਸੰਭਾਲ ਅਤੇ ਵਾਢੀ ਤੋਂ ਬਾਅਦ ਫਸਲ ਪ੍ਰਬੰਧਨ ਦੀ ਵਰਤੋਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਤਾਂ ਜੋ ਸੂਬੇ ਵਿੱਚ ਖੇਤੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਪੀਏਯੂ ਦੇ ਖੋਜ ਨਿਰਦੇਸਕ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਦੀਆਂ ਖੋਜਾਂ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ।