ਸ਼ਗਨ ਕਟਾਰੀਆ
ਬਠਿੰਡਾ, 18 ਫ਼ਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼ਹਿਰ ਵਿਚ ਭਰਵੇਂ ਲੋਕ ਇਕੱਠਾਂ ਨੂੰ ਸੰਬੋਧਨ ਕੀਤਾ। ਖਾਸੀਅਤ ਇਹ ਰਹੀ ਕਿ ਪਹਿਲਾਂ ਵਾਂਗ ਅਖੀਰਲੇ ਦਿਨ ਵੀ ਉਨ੍ਹਾਂ ਵਿਰੋਧੀਆਂ ਦੀ ਆਲੋਚਨਾ ਦੇ ਬਗ਼ੈਰ ਕੀਤੇ ਵਿਕਾਸ ਦੇ ਨਾਂਅ ’ਤੇ ਲੋਕਾਂ ਤੋਂ ਸਮਰਥਨ ਮੰਗਿਆ।
ਵਿੱਤ ਮੰਤਰੀ ਅੱਜ ਗੁਰੂ ਕੀ ਨਗਰੀ, ਕੋਠੇ ਅਮਰਪੁਰਾ, ਬੰਗੀ ਨਗਰ, ਆਵਾ ਬਸਤੀ ਆਦਿ ਵਿਚ ਜਨ ਸਭਾਵਾਂ ਨੂੰ ਮੁਖ਼ਾਤਬਿ ਹੋਏ। ਉਹ ਪੈਦਲ ਚੱਲ ਕੇ ਸ਼ਹਿਰੀਆਂ ਨੂੰ ਮਿਲੇ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ ਨਿਵਾਸੀ ਆਪਣੇ ਪਰਿਵਾਰ ਦੀ ਖੁਸ਼ਹਾਲੀ, ਬੱਚਿਆਂ ਦੇ ਉੱਜਵਲ ਭਵਿੱਖ, ਪੰਜਾਬ ਦੀ ਚੜ੍ਹਦੀ ਕਲਾ ਅਤੇ ਤਰੱਕੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਹੱਥ ਮਜਬੂਤ ਕਰਨ ਤਾਂ ਜੋ ਵਿਕਾਸ ਦੀ ਲਹਿਰ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਠਿੰਡਾ ਨਿਵਾਸੀਆਂ ਵੱਲੋਂ ਪੰਜ ਸਾਲ ਪਹਿਲਾਂ ਜੋ ਉਮੀਦ ਉਨ੍ਹਾਂ ਤੋਂ ਕੀਤੀ ਗਈ ਸੀ, ਉਨ੍ਹਾਂ ਉਸ ’ਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਅਤੇ ਇਸ ਜ਼ਿੰਮੇਵਾਰੀ ਨੂੰ ਉਹ ਅੱਗੇ ਵੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਉਹ ਵਿਕਾਸ ਦੇ ਨਾਮ ’ਤੇ ਵੋਟ ਦੀ ਮੰਗ ਕਰਦੇ ਹਨ ਕਿਉਂ ਕਿ ਉਨ੍ਹਾਂ ਨੇ ਸਿਆਸਤ ਨਹੀਂ, ਸ਼ਹਿਰ ਵਾਸੀਆਂ ਦੇ ਦਿਲ ਜਿੱਤਣ ਦਾ ਕੰਮ ਕੀਤਾ ਹੈ ਤੇ ਜਿਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।