ਸ਼ਗਨ ਕਟਾਰੀਆ
ਬਠਿੰਡਾ, 11 ਅਕਤੂਬਰ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਇੱਥੇ ਟਰੱਕ ਯੂਨੀਅਨ ਨੇੜੇ ਸੂਰਯਵੰਸ਼ੀ ਸ੍ਰੀ ਅਰੂਟ ਜੀ ਮਹਾਰਾਜ ਦੀ ਯਾਦ ਵਿੱਚ ਬਣੇ ਚੌਕ ਨੂੰ ਲੋਕ ਅਰਪਿਤ ਕੀਤਾ ਗਿਆ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਦਿਨ ਬਠਿੰਡਾ ਸ਼ਹਿਰ ਤੋਂ ਇਲਾਵਾ ਸਮੁੱਚੇ ਅਰੋੜਾ ਭਾਈਚਾਰੇ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਇਸ ਚੌਕ ਦਾ ਨਿਰਮਾਣ ਪੂਰਾ ਹੋਣ ’ਤੇ ਪੂਰੇ ਅਰੋੜਾ ਭਾਈਚਾਰੇ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਸਾਡੇ ਇਤਿਹਾਸ ਤੋਂ ਬਹੁਤ ਸੇਧ ਮਿਲਦੀ ਹੈ। ਸੂਰਯਵੰਸ਼ੀ ਸ੍ਰੀ ਅਰੂਟ ਜੀ ਮਹਾਰਾਜ ਵਰਗੀਆਂ ਉੱਚ ਸ਼ਖ਼ਸੀਅਤਾਂ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਚੰਗਿਆਈ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਅਰੋੜਾ ਮਹਾਂ ਸਭਾ ਚੈਰੀਟੇਬਲ ਸੁਸਾਇਟੀ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਸ੍ਰੀ ਬਾਦਲ ਨੇ ਛਾਬੜਾ ਪੈਲੇਸ ਨੇੜਲੀ ਆਬਾਦੀ, ਘਨੱਈਆ ਨਗਰ, ਵਿਸ਼ਾਲ ਨਗਰ ਫੇਜ਼-3, ਵੀਰ ਕਲੋਨੀ, ਪਰਸ ਰਾਮ ਨਗਰ ਅਤੇ ਬਾਬਾ ਦੀਪ ਸਿੰਘ ਨਗਰ ਦਾ ਦੌਰਾ ਕਰਕੇ ਉੱਥੋਂ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਮੌਕੇ ’ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵਿੱਤ ਮੰਤਰੀ ਦੇ ਨਾਲ ਅਰੁਣਜੀਤ ਮੱਲ, ਕੇ.ਕੇ. ਅਗਰਵਾਲ, ਅਸ਼ੋਕ ਪ੍ਰਧਾਨ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਜਗਰੂਪ ਗਿੱਲ, ਪਵਨ ਮਾਨੀ, ਰਤਨ ਰਾਹੀ, ਸ਼ਾਮ ਲਾਲ ਜੈਨ, ਸੰਦੀਪ ਗੋਇਲ, ਮਨੋਹਰ ਲਾਲ, ਗੋਬਿੰਦ ਛਾਬੜਾ, ਸੰਜੀਵ ਨਾਗਪਾਲ, ਸਤੀਸ਼ ਅਰੋੜਾ, ਐਮ.ਐਲ. ਅਰੋੜਾ, ਮੱਖਣ ਲਾਲ ਠੇਕੇਦਾਰ, ਵਿਕਾਸ ਬਾਂਸਲ, ਹੈਪੀ, ਦੀਪਕ ਜਿੰਦਲ, ਨੱਥੂ ਰਾਮ, ਪ੍ਰਕਾਸ਼ ਚੰਦ, ਕਮਲੇਸ਼ ਮਿਹਰਾ, ਰਾਜ ਮਿਹਰਾ ਅਤੇ ਬੌਬੀ ਜਿੰਦਲ ਆਦਿ ਹਾਜ਼ਰ ਸਨ।
ਦੋ ਭਾਜਪਾ ਆਗੂਆਂ ਦਾ ਕਾਂਗਰਸ ’ਚ ਦਾਖ਼ਲਾ
ਭਾਜਪਾ ਨਾਲ ਸਬੰਧਿਤ ਸਾਬਕਾ ਕੌਂਸਲਰ ਇੰਦਰ ਲਾਲ ਦਾ ਪਰਿਵਾਰ ਅਤੇ ਭਾਜਪਾ ਦੇ ਹੀ ਪੂਰਬ ਮੰਡਲ ਦੇ ਸਕੱਤਰ ਰਾਕੇਸ਼ ਕੁਮਾਰ ਰੋਹਿਤ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਰਡ ਨੰਬਰ 18 ਵਿੱਚ ਹੋਏ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿੱਚ ‘ਜੀ ਆਇਆਂ’ ਕਿਹਾ। ਸ੍ਰੀ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਏ ਵਿਹਾਰ ਅਤੇ ਰਾਜ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਕਾਰਨ ਪੰਜਾਬ ਹਿਤੈਸ਼ੀ ਲੋਕ ਹੁਣ ਭਾਜਪਾ ਵਿਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਭਾਜਪਾ ਆਗੂਆਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।