ਸ਼ਗਨ ਕਟਾਰੀਆ
ਬਠਿੰਡਾ, 30 ਅਗਸਤ
ਕ੍ਰਿਸ਼ਨ ਜਨਮ ਅਸ਼ਟਮੀ ਸ਼ਹਿਰੀਆਂ ਵੱਲੋਂ ਧੂਮਧਾਮ ਨਾਲ ਮਨਾਈ ਗਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੰਦਰਾਂ ਅਤੇ ਬਾਜ਼ਾਰਾਂ ਦੀ ਸਜਾਵਟੀ ਲਈ ਵਿਸ਼ੇਸ਼ ਰੁਚੀ ਲਈ ਜਾ ਰਹੀ ਸੀ। ਉਹ ਮਾਲ ਰੋਡ ’ਤੇ ਗੋਲ ਡਿੱਗੀ ਦੇ ਨੇੜੇ ਹੋਏ ਸਮਾਗਮ ’ਚ ਸ਼ਰੀਕ ਵੀ ਹੋਏ। ਇੱਥੇ ਹੋਇਆ ਲੇਜ਼ਰ ਲਾਈਟਿੰਗ ਸ਼ੋਅ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ।
ਸ੍ਰੀ ਬਾਦਲ ਨੇ ਕਿਹਾ ਕਿ ‘ਗੀਤਾ ਦਾ ਗਿਆਨ’ ਭਾਰਤੀ ਸੱਭਿਆਚਾਰ ਦਾ ਕੇਂਦਰ ਬਿੰਦੂ ਹੈ। ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ, ਉਨ੍ਹਾਂ ਲਈ ਭਵਿੱਖ ਵੀ ਧੁੰਦਲਾ ਹੁੰਦਾ ਹੈ। ਸ੍ਰੀ ਬਾਦਲ ਨੇ ਗੀਤਾ ਦੇ ਗਿਆਨ ਦੀ ਵਿਆਖਿਆ ਕਰਦਿਆਂ ਦੱਸਿਆ ਕਿ ‘ਸੱਚ ਕਦੇ ਝੂਠ ਨਾਲ ਸਮਝੌਤਾ ਨਹੀਂ ਕਰਦਾ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਜਾਣਾ ਹੀ ਗੀਤਾ ਦਾ ਗਿਆਨ ਹੈ।’ ਉਨ੍ਹਾਂ ਕ੍ਰਿਸ਼ਨ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਦੇਸ਼ ਵਿੱਚੋਂ ਕਰੋਨਾ ਮਹਾਮਾਰੀ ਦਾ ਖਾਤਮਾ ਕਰਨ ਅਤੇ ਦੇਸ਼ ਵਿੱਚ ਰਾਮ ਰਾਜ ਆਵੇ। ਵਿੱਤ ਮੰਤਰੀ ਨੇ ‘ਰਾਮ ਰਾਜ’ ਦਾ ਮਤਲਬ ਸਮਝਾਉਂਦਿਆਂ ਕਿਹਾ ਕਿ ਗੁਰਬਤ, ਰਿਸ਼ਵਤਖ਼ੋਰੀ, ਅਨਪੜ੍ਹਤਾ ਦਾ ਖਾਤਮਾ ਹੋਵੇ ਤੇ ਲੋਕ ਖ਼ੁਸ਼ਹਾਲ ਜ਼ਿੰਦਗੀ ਜਿਊਣ। ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਮੱਥਾ ਟੇਕ ਕੇ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਜੈਜੀਤ ਸਿੰਘ ਜੌਹਲ, ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ, ਮੇਅਰ ਰਮਨ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਰਾਜਨ ਗਰਗ ਹਾਜ਼ਰ ਸਨ।