ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਅਗਲਾ ਪੜਾਅ ਪਹਿਲੀ ਅਕਤੂਬਰ ਤੋਂ ਮੁੜ ਭਖ਼ਣ ਜਾ ਰਿਹਾ ਹੈ। ਇਸ ਵਾਰ ਅੰਨਦਾਤੇ ਦੇ ਨਿਸ਼ਾਨੇ ’ਤੇ ਹਾਕਮਾਂ ਦੇ ਨਾਲ-ਨਾਲ ਦੇਸ਼ ਦੇ ਵੱਡੇ ਵਪਾਰਕ ਘਰਾਣੇ ਵੀ ਹੋਣਗੇ। ਜਨਤਕ ਲਾਮਬੰਦੀ ਦੀ ਮੁਹਿੰਮ ਨੂੰ ਸਮੇਟ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਭਲਕੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅੰਦੋਲਨ ਲਈ ਵਿਉਂਤਬੰਦੀ ਵਿਚ ਰੁੱਝੇ ਹੋਏ ਹਨ। ਉਂਜ ਤਾਂ ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਦਾ ਪ੍ਰੋਗਰਾਮ ਵੀ ਅੰਦੋਲਨ ਦੀ ਏਜੰਡੇ ’ਚ ਸ਼ਾਮਿਲ ਹੈ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ’ਚ ਭਾਜਪਾ ਦਾ ਕੋਈ ਵੱਡੇ ਕੱਦ ਦਾ ਆਗੂ ਨਹੀਂ ਪਰ ਕੋਟਕਪੂਰਾ ’ਚ ਭਾਜਪਾ ਪੰਜਾਬ ਦੀ ਜਨਰਲ ਸਕੱਤਰ ਸੁਨੀਤਾ ਗਰਗ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ 31 ਜਥੇਬੰਦੀਆਂ ਦੇ ਫ਼ੈਸਲੇ ਮੁਤਾਬਿਕ ਅੰਦੋਲਨ ਨੂੰ ਕਾਮਯਾਬ ਕਰਨ ਲਈ ਪੂਰਾ ਤਾਣ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ’ਚ ਕਿਸਾਨ ਰੇਲਵੇ ਲਾਈਨਾਂ ’ਤੇ ਬੈਠਣਗੇ। ਇਸ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਜ਼, ਪੈਟਰੌਲ ਪੰਪਾਂ ਅਤੇ ਹੋਰਨਾਂ ਵਪਾਰਕ ਕੇਂਦਰਾਂ ਦੇ ਬਾਈਕਾਟ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ। ਉਨ੍ਹਾਂ ਟੌਲ ਪਲਾਜ਼ਿਆਂ ਤੋਂ ਵਾਹਨਾਂ ਨੂੰ ਬਗ਼ੈਰ ਟੋਲ ਫੀਸ ਤੋਂ ਲੰਘਾਏ ਜਾਣ ਦੀ ਵੀ ਗੱਲ ਕਹੀ। ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਇਸ ਦਾ ਪ੍ਰਮਾਣ ਭਲਕੇ ਸਾਫ਼ ਦਿਖਾਈ ਦੇਵੇਗਾ।
ਭਾਕਿਯੂ (ਉਗਰਾਹਾਂ) ਦੇ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਮਾਲਵੇ ’ਚ ਬਠਿੰਡਾ, ਰਾਮਪੁਰਾ, ਮੌੜ, ਬੁਢਲਾਡਾ, ਸੰਗਰੂਰ ਅਤੇ ਧੂਰੀ ਵਿੱਚ ਰੇਲਵੇ ਲਾਈਨਾਂ ’ਤੇ ਧਰਨੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭੁੱਚੋ ਰੋਡ ’ਤੇ ਸਥਿਤ ਬਠਿੰਡੇ ਦਾ ‘ਬੈਸਟ ਪਰਾਈਜ਼’ ਸ਼ਾਪਿੰਗ ਮਾਲ, ਕੌਮੀ ਸ਼ਾਹ ਰਾਹਾਂ ’ਤੇ ਬੇਗਾ ਅਤੇ ਜੀਦਾ ਦੇ ਟੌਲ ਪਲਾਜ਼ਿਆਂ ’ਤੇ ਧਰਨੇ ਦੇਣ, ਰਿਲਾਇੰਸ ਤੇ ਐਸਾਰ ਕੰਪਨੀਆਂ ਦੇ ਪੈਟਰੌਲ ਪੰਪਾਂ ਦਾ ਘਿਰਾਓ ਕਰਨ ਬਾਰੇ ਦੱਸਿਆ ਗਿਆ।
ਭਾਕਿਯੂ (ਸਿੱਧੂਪੁਰ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਬਠਿੰਡਾ ’ਚ ਮੁਲਤਾਨੀਆ ਪੁਲ ਦੇ ਹੇਠਾਂ ਰੇਲਵੇ ਟਰੈਕ ’ਤੇ ਕਿਸਾਨ ਇਕੱਠੇ ਹੋਣਗੇ। ਇਸ ਮੌਕੇ ’ਤੇ ਨਿਰਣਾ ਕਰ ਕੇ ਅਗਲੇ ਐਕਸ਼ਨਾਂ ਲਈ ਕਿਸਾਨਾਂ ਨੂੰ ਇੱਥੋਂ ਭੇਜਿਆ ਜਾਵੇਗਾ।
ਭਾਕਿਯੂ (ਡਕੌਂਦਾ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਖੁਲਾਸਾ ਕੀਤਾ ਕਿ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਹਨ। ਲੋਕਾਂ ’ਚ ਬਹੁਤ ਉਤਸ਼ਾਹ ਹੈ। ਆਪ-ਮੁਹਾਰੇ ਲੋਕ ਭਲਕੇ ਅੰਦੋਲਨਕਾਰੀਆਂ ਲਈ ਰਾਸ਼ਨ ਤੇ ਲੰਗਰ ਵਗੈਰਾ ਖੁਦ ਲਿਆਉਣ ਲਈ ਕਹਿ ਚੁੱਕੇ ਹਨ।
ਕਿਸਾਨਾਂ ਨੇ ਰਿਲਾਇੰਸ ਦੇ ਸਿੰਮ ਸਾੜ ਕੇ ਰੋਸ ਜਤਾਇਆ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨਾਂ ਨੇ ਅੱਜ ਇੱਥੇ ਰਿਲਾਇੰਸ ਕੰਪਨੀ ਦੀਆਂ ਮੋਬਾਈਲ ਸਿੰਮਾ ਸਾੜ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਕਿਸਾਨ ਆਗੂਆਂ ਨੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ।ਰੇਲਵੇ ਟਰੈਕ ’ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਹੋਰਨਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਕਤ ਤਿੰਨੇ ਖੇਤੀ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਬਾਰੇ ਕਹਿਣਾ ਤੇ ਸ਼ਾਂਤਮਈ ਅੰਦੋਲਨਕਾਰੀਆਂ ਖ਼ਿਲਾਫ਼ ਹਾਈ ਕੋਰਟ ਵਿਚ ਰਿੱਟ ਦਾਇਰ ਕਰਨੀ ਮੋਦੀ ਸਰਕਾਰ ਨਾਲ ਮਿਲੇ ਹੋਏ ਹੋਣ ਦੀ ਨਿਸ਼ਾਨੀ ਹੈ।
ਰੋਮਾਣਾ ਅਲਬੇਲ ਸਿੰਘ ਰੇਲ ਮਾਰਗ ਕੀਤਾ ਜਾਵੇਗਾ ਠੱਪ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕੁਲਦੀਪ ਸਿੰਘ ਬਾਗੀ ਪੰਜਗਰਾਈਂ, ਨਵਦੀਪ ਸਿੰਘ ਵਿੱਕਾ ਰੋੜੀਕਪੂਰਾ ਅਤੇ ਜਸਵੰਤ ਸਿੰਘ ਪੱਪੂ ਡਿੰਗੀ ਦੀ ਅਗਵਾਈ ਹੇਠ ਪਿੰਡ ਘਣੀਏ ਵਾਲਾ ਦੀ ਇਕਾਈ ਦੀ ਚੋਣ ਕੀਤੀ ਅਤੇ ਬੁਲਾਰੇ ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆਣਾ ਨੇ ਦੱਸਿਆ ਕਿ ਬੀਕੇਯੂ ਡਕੌਂਦਾ ਫਰੀਦਕੋਟ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ 1 ਅਕਤੂਬਰ ਨੂੰ ਪਿੰਡ ਰੋਮਾਣਾ ਅਲਬੇਲ ਸਿੰਘ ’ਚ ਰੇਲਵੇ ਸਟੇਸ਼ਨ ’ਤੇ ਅਣਮਿੱਥੇ ਸਮੇਂ ਲਈ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਅੰਗਰੇਜ਼ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਪਿੰਡ ਘਣੀਏ ਵਾਲਾ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਮਨਦੀਪ ਸਿੰਘ, ਖਜ਼ਾਨਚੀ ਰਵਿੰਦਰ ਸਿੰਘ ਅਤੇ ਮੈਂਬਰ ਸੁਖਰਾਜ ਸਿੰਘ, ਗੁਰਮੇਲ ਸਿੰਘ, ਧਰਮਪ੍ਰੀਤ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਦੀ ਚੋਣ ਕੀਤੀ ਗਈ।
ਨੌਜਵਾਨ ਭਾਰਤ ਸਭਾ ਤੇ ਪੀਐੱਯੂ ਵੱਲੋਂ ਘਿਰਾਓ ਵਿੱਚ ਸ਼ਮੂਲੀਅਤ ਦਾ ਐਲਾਨ
ਬਠਿੰਡਾ (ਮਨੋਜ ਸ਼ਰਮਾ): ਕਿਸਾਨ ਜਥੇਬੰਦੀਆਂ ਵੱਲੋਂ ਭਲਕ ਤੋਂ ਕੀਤੇ ਜਾ ਰਹੇ ਰੇਲ ਜਾਮ ਅਤੇ ਕਾਰਪੋਰੇਟਾਂ ਦੇ ਕਾਰੋਬਾਰਾਂ ਦੇ ਘਿਰਾਓ ਦੇ ਪ੍ਰੋਗਰਾਮਾਂ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਪੀਐੱਸਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਲਿਆਂਦੇ ਖੇਤੀ ਬਿੱਲ ਕਾਰਪੋਰੇਟਾਂ ਨੂੰ ਖੇਤੀ ਖੇਤਰ ਵਿੱਚ ਲੁੱਟ ਮਚਾਉਣ ਦੀਆਂ ਖੁੱਲ੍ਹੀਆਂ ਛੋਟਾਂ ਦਿੰਦੇ ਹਨ। ਅਜਿਹੇ ਵਿੱਚ ਜਿੱਥੇ ਭਾਜਪਾ ਦੇ ਨੁਮਾਇੰਦਿਆਂ ਨੂੰ ਲੋਕ ਰੋਹ ਦਾ ਸੇਕ ਚੜ੍ਹਨਾ ਜ਼ਰੂਰੀ ਹੈ ਉੱਥੇ ਲੋਕਾਂ ਦੀ ਲੁੱਟ ਦਾ ਉਭਰਵਾਂ ਇਜ਼ਹਾਰ ਬਣੇ ਹੋਏ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਨੂੰ ਵੀ ਨਿਸ਼ਾਨੇ ਤੇ ਲਿਆਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦੀ ਲਾਮਬੰਦੀ ਕਰਦਿਆਂ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਪਰਦਾਦਾਸ਼ ਕੀਤਾ ਜਾਵੇਗਾ।