ਮਨੋਜ ਸ਼ਰਮਾ
ਬਠਿੰਡਾ, 29 ਅਕਤੂਬਰ
ਇੱਥੋਂ ਨੇੜਲੇ ਪਿੰਡ ਮਹਿਮਾ ਸਰਜਾ ਵਿੱਚ ਅੱਜ ਉਦੋਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਪਰਾਲੀ ਫੂਕ ਰਹੇ ਕਿਸਾਨ ਦੇ ਖੇਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਨੋਡਲ ਅਫ਼ਸਰ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਅਫ਼ਸਰ ਪਿੰਡ ਮਹਿਮਾ ਸਰਜਾ ਦੇ ਕਿਸਾਨ ਭਗਵਾਨ ਸਿੰਘ ਦੇ ਖੇਤ ਵਿਚ ਪਰਾਲੀ ਸਾੜਨ ਸਬੰਧੀ ਤਸਵੀਰਾਂ ਖਿੱਚਾ ਰਿਹਾ ਸੀ। ਇਸ ਦੀ ਭਿਣਕ ਪੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਸਹਿਕਾਰੀ ਬੈਂਕ ਬਠਿੰਡਾ ਦੇ ਇੰਸਪੈਕਟਰ ਦਾ ਘਿਰਾਓ ਕਰਦੇ ਹੋਏ ਸ਼ਾਮ ਤੱਕ ਬੰਦੀ ਬਣਾਈ ਰੱਖਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂ ਵਾਲਾ, ਬਲਾਕ ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ, ਅੰਗਰੇਜ਼ ਸਿੰਘ ਲੱਖੀ ਜੰਗਲ ਆਦਿ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਪਰਾਲੀ ਨੂੰ ਸਾੜਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਪਰਾਲੀ ਫੂਕਣਾ ਬੰਦ ਕਰਵਾਉਣ ਚਾਹੁੰਦੀ ਹੈ ਤਾਂ ਵੱਡੀ ਪੱਧਰ ’ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਮਸ਼ੀਨਰੀ ਦੀ ਘਾਟ ਤੇ ਵਹਾਈ ’ਚ ਜ਼ਿਆਦਾ ਖ਼ਰਚੇ ਕਾਰਨ ਕਿਸਾਨ ਮਜਬੂਰੀਵੱਸ ਪਰਾਲੀ ਫੂਕ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿਸਾਨ ਭਗਵਾਨ ਸਿੰਘ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਹੈ। ਜੇ ਕਿਸਾਨ ਉੱਪਰ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਸ ਦੀ ਜਮ੍ਹਾਂਬੰਦੀ ਵਿੱਚ ਲਾਲ ਐਂਟਰੀ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਹਿਮਾ ਸਰਜਾ ਇਕਾਈ ਪ੍ਰਧਾਨ ਲਾਲਜੀਤ ਸਿੰਘ, ਆਗੂ ਭੋਲਾ ਸਿੰਘ ਢਿੱਲੋਂ, ਸਤਿਨਾਮ ਸਿੰਘ, ਗੁਰਦਿੱਤਾ ਸਿੰਘ, ਦਰਸ਼ਨ ਸਿੰਘ, ਲੱਖਵਿੰਦਰ ਸਿੰਘ ਮੌਜੂਦ ਸਨ।
ਉਧਰ, ਪੰਜ ਘੰਟਿਆ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਨਿਆਣਾ ਤੋਂ ਬੀਡੀਪੀਓ ਜਗਦੀਪ ਸਿੰਘ, ਪੰਚਾਇਤ ਅਫ਼ਸਰ ਰਿੰਪੀ ਸਿੰਘ ਅਤੇ ਪੁਲੀਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੋਰਾ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਮਾਮਲਾ ਸ਼ਾਂਤ ਕਰਦੇ ਹੋਏ ਦੇਰ ਸ਼ਾਮ ਤਕ ਇੰਸਪੈਕਟਰ ਜਸਵੀਰ ਸਿੰਘ ਨੂੰ ਛੁਡਵਾਇਆ।