ਪੱਤਰ ਪ੍ਰੇਰਕ
ਬਠਿੰਡਾ, 2 ਜਨਵਰੀ
ਮਾਲਵਾ ਖੇਤਰ ਵਿੱਚ ਕਿਸਾਨਾਂ ਨੂੰ ਨਵੀਂ ਖੇਤੀ ਢੀਂਗਰੀ ਦੀ ਜਾਗ ਲੱਗ ਗਈ ਹੈ। ਦੂਲੇਵਾਲਾ, ਕਾਲੋਕੇ, ਆਲੀਕੇ , ਸਿਧਾਣਾ, ਧਿੰਗੜ, ਗਿੱਲ ਪੱਤੀ, ਪਿੱਥੋ, ਕਰਾੜਵਾਲਾ, ਬੀਬੀ ਵਾਲਾ ਤੇ ਚੱਕ ਬਖਤੂ ਆਦਿ ਪਿੰਡਾਂ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਢੀਂਗਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਪਿੰਡ ਘੁੱਦਾ ਦੇ ਕਿਸਾਨ ਨਵਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਵੀ ਢੀਂਗਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਬਹੁਤ ਹੀ ਲਾਭਕਾਰੀ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਇਸ ਦੀ ਬਾਕਾਇਦਾ ਸਿਖਲਾਈ ਵੀ ਦੇ ਰਿਹਾ ਹੈ। ਇਕ ਕਿਸਾਨ ਮੱਘਰ ਸਿੰਘ ਨੇ ਦੱਸਿਆ ਕਿ 30 ਰੁਪਏ ਦੇ ਬੀਜ ਨਾਲ ਉਹ ਪੰਜ ਕਿਲੋ ਤਕ ਢੀਂਗਰੀ ਤਿਆਰ ਕਰਦਾ ਹੈ ਜਿਸ ਨੂੰ ਉੱਲੀ ਵੀ ਕਿਹਾ ਜਾਂਦਾ ਹੈ ਜੋ ਬਾਜ਼ਾਰ ਅਤੇ ਵਿਆਹ ਸ਼ਾਦੀਆਂ ਵਿੱਚ ਮਹਿੰਗੇ ਭਾਅ ’ਤੇ ਵੇਚੀ ਜਾ ਸਕਦੀ ਹੈ।
ਖੇਤੀਬਾੜੀ ਵਿਭਾਗ ਦੇ ਇਕ ਅਫ਼ਸਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਹੀ ਇਸ ਦਾ ਬੀਜ ਤਿਆਰ ਕੀਤਾ ਜਾਂਦਾ ਹੈ ਜੋ ਆਮ ਕਿਸਾਨਾਂ ਲਈ ਬਾਜ਼ਾਰ ਵਿੱਚ ਉਪਲੱਬਧ ਨਹੀਂ ਹੁੰਦਾ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਚੀਫ ਡਾ. ਪਾਖਰ ਸਿੰਘ ਨੇ ਦੱਸਿਆ ਕਿ ਉਹ ਇਕ ਸਹਾਇਕ ਧੰਦਾ ਹੈ।
ਇਸ ਸਬੰਧੀ ਆਤਮਾ ਸਕੀਮ ਅਧੀਨ ਕਿਸਾਨਾਂ ਦੇ ਕੈਂਪ ਲਗਾ ਕੇ ਢੀਂਗਰੀ ਲਗਾਉਣ ਲਈ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਖੇਤੀਬਾੜੀ ਮਾਹਰ ਡਾ. ਤੇਜਦੀਪ ਕੌਰ ਨੇ ਦੱਸਿਆ ਕਿ ਢੀਂਗਰੀ ਬਹੁਤ ਹੀ ਪੋਸ਼ਟਿਕ ਪ੍ਰੋਟੀਨ ਵਿਟਾਮਿਨ ਅਤੇ ਹੋਰ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਢੀਂਗਰੀ ਬਹੁਤ ਲਾਭਕਾਰੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਸੱਤ ਅੱਠ ਬਲਾਕਾਂ ਵਿੱਚ ਢੀਂਗਰੀ ਦੀ ਕਾਸ਼ਤ ਕਰਵਾਈ ਜਾ ਰਹੀ ਹੈ। ਖੇਤੀ ਮਾਹਰਾਂ ਅਨੁਸਾਰ ਢੀਂਗਰੀ ਦੀ ਕਾਸ਼ਤ ਲਈ ਸਮੱਗਰੀ ਬਹੁਤ ਹੀ ਘੱਟ ਚਾਹੀਦੀ ਹੈ, ਜਿਸ ਲਈ ਲਿਫ਼ਾਫ਼ਿਆਂ ਅਤੇ ਤੂੜੀ ਦੀ ਲੋੜ ਪੈਂਦੀ ਹੈ ਅਤੇ ਇਸ ਨੂੰ ਆਸਾਨੀ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ।