ਸ਼ਗਨ ਕਟਾਰੀਆ
ਬਠਿੰਡਾ, 17 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਖ਼ਿਲਾਫ਼ ਅੱਜ ਇੱਥੇ ਮਿਨੀ ਸਕੱਤਰੇਤ ਅੱਗੇ ਰੋਸ ਵਿਖਾਵਾ ਕੀਤਾ। ਵਰਕਰਾਂ ਨੇ ਨਾਲ ਲਿਆਂਦੀ ਪਰਾਲੀ ਦਾ ਇੱਥੇ ਢੇਰ ਲਾ ਦਿੱਤਾ। ਡਿਪਟੀ ਕਮਿਸ਼ਨਰ ਨੂੰ ਸੰਬੋਧਨ ਹੋ ਕੇ ਲਿਖ਼ਿਆ ‘ਚਿਤਾਵਨੀ ਪੱਤਰ’ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਨਾ ਲੈਣ ’ਤੇ ਕਿਸਾਨ ਮਿਨੀ ਸਕੱਤਰੇਤ ਦੇ ਗੇਟ ’ਤੇ ਪੱਤਰ ਟੰਗ ਕੇ ਚਲੇ ਗਏ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਹੱਲ ਕੱਢਣ ਦੀ ਥਾਂ ਕਿਸਾਨਾਂ ’ਤੇ ਕੇਸ, ਜੁਰਮਾਨੇ ਅਤੇ ਜ਼ਮੀਨੀ ਰਿਕਾਰਡ ’ਤੇ ਲਾਲ ਲਕੀਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਪਰਾਲੀ ਨਾ ਸਾੜਨ ਦੇ ਮੁਆਵਜ਼ੇ ਵਜੋਂ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਸਮੱਸਿਆ ਝੋਨੇ ਦੀ ਪਰਾਲੀ ਨਹੀਂ, ਸਮੱਸਿਆ ਝੋਨਾ ਹੈ। ਇਸ ਦੀ ਥਾਂ ’ਤੇ ਬਦਲਵੇਂ ਪ੍ਰਬੰਧ ਕੀਤੇ ਜਾਣ। ਦਾਲਾਂ ਸਮੇਤ ਬਦਲਵੀਆਂ ਫਸਲਾਂ ਬਿਜਾਈਆਂ ਜਾਣ ਅਤੇ ਇਨ੍ਹਾਂ ’ਤੇ ਐੱਮਐੱਸਪੀ ਦਿੱਤੀ ਜਾਵੇ। ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਜ਼ਮੀਨਦੋਜ਼ ਪਾਣੀ ਦਾ ਘਟਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਝੋਨੇ ’ਤੇ ਪੰਜਾਬ ਸਰਕਾਰ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਵੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਦੇ ਸਾੜਨ ’ਤੇ ਸਖਤੀ ਕੀਤੀ ਤਾਂ ਖੇਤਾਂ ’ਚ ਆਏ ਨਿਗਰਾਨ ਅਧਿਕਾਰੀਆਂ ਦਾ ਘਿਰਾਉ ਕੀਤਾ ਜਾਵੇਗਾ। ਪ੍ਰਦਰਸ਼ਨ ’ਚ ਯੂਨੀਅਨ ਦੇ ਭੋਲਾ ਸਿੰਘ, ਕੁਲਦੀਪ ਸਿੰਘ ਜੋਗਾਨੰਦ, ਜਸਵੰਤ ਸਿੰਘ ਜ਼ੈਲਦਾਰ, ਬਲਤੇਜ ਸਿੰਘ ਗੋਬਿੰਦਪੁਰਾ, ਬਖਸ਼ੀਸ਼ ਸਿੰਘ ਖਾਲਸਾ, ਬੂਟਾ ਸਿੰਘ ਹਰਰੰਗਪੁਰਾ, ਗੁਰਚਰਨ ਸਿੰਘ, ਨੱਥਾ ਸਿੰਘ ਭੁੱਚੋ, ਤੇਜਾ ਸਿੰਘ, ਮਿੱਠੂ ਸਿੰਘ, ਦਾਰਾ ਸਿੰਘ, ਬੰਤ ਸਿੰਘ, ਸੁਖਮੰਦਰ ਸਿੰਘ ਸਰਾਭਾ, ਪੱਪੂ, ਬਾਵਾ ਆਦਿ ਸ਼ਾਮਿਲ ਹੋਏ।
ਪਰਾਲੀ ਤੇ ਹੋਰ ਮਸਲਿਆਂ ’ਤੇ ਸੰਗਰੂਰ ਵਿੱਚ ਵੱਡਾ ਇਕੱਠ ਕਰਨ ਦੀ ਤਿਆਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ 20 ਅਕਤੂਬਰ ਨੂੰ ਵੱਡਾ ਇਕੱਠ ਕਰਨ ਦੀ ਤਿਆਰੀ ਵਜੋਂ ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਬਖਤੂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਮਹਿਲਾ ਵਿੰਗ ਦੀ ਸੂਬਾਈ ਅਤੇ ਜ਼ਿਲ੍ਹਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ 7 ਅਕਤੂਬਰ ਨੂੰ ਸੂਬਾ ਕਮੇਟੀ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਪਰਾਲੀ ਸਾੜਨ ਅਤੇ ਆਪਣੇ ਖੇਤਾਂ ਨੂੰ ਪੱਧਰ ਕਰਨ ਮੌਕੇ ਮਿੱਟੀ ਚੁੱਕਣ ਵਾਲੇ ਕਿਸਾਨਾਂ ’ਤੇ ਸਖ਼ਤੀ ਨਹੀਂ ਕੀਤੀ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਮਾਨ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ੲੈ ਅਤੇ ਕਿਸਾਨਾਂ ’ਤੇ ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ, ਗੁਰਜੰਟ ਸਿੰਘ ਸੁਖਜੀਤ ਕੌਰ, ਸਿਮਰਜੀਤ ਸਿੰਘ, ਅਜਮੇਰ ਸਿੰਘ, ਹਰਨੇਕ ਸਿੰਘ ਅਤੇ ਪੱਪੀ ਸਿੰਘ ਨੇ ਕਿਹਾ ਕਿ ਸ ਦੇ ਵਿਰੋਧ ਵਿੱਚ 20 ਅਕਤੂਬਰ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਰਤੀ ਲੋਕਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।