ਸ਼ਗਨ ਕਟਾਰੀਆ
ਬਠਿੰਡਾ, 31 ਜੁਲਾਈ
ਦਿੱਲੀ ਮੋਰਚੇ ਨੂੰ ਮੁਲਤਵੀ ਕਰਨ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰ ਸਰਕਾਰ ਵਿਚਾਲੇ ਹੋਏ ਸਮਝੌਤੇ ਵਫ਼ਾ ਨਾ ਹੋਣ ਖ਼ਿਲਾਫ਼ ਮੋਰਚੇ ਦੇ ਸੱਦੇ ’ਤੇ ਸਾਰੇ ਮਾਲਵਾ ਖਿੱਤੇ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ। ਕਿਸਾਨਾਂ ਨੇ ਰੇਲ ਪਟੜੀਆਂ ’ਤੇ ਧਰਨੇ ਲਾ ਕੇ ਕੇਂਦਰੀ ਹਕੂਮਤ ਨੂੰ ਵੰਗਾਰਿਆ ਕਿ ਉਹ ਵਾਅਦਿਆਂ ਨੂੰ ਇਨ ਬਿਨ ਲਾਗੂ ਕਰਾਉਣ ਲਈ ਮੁੜ ਤੋਂ ਵੱਡਾ ਸੰਘਰਸ਼ ਉਲੀਕਣਗੇ। ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਬਠਿੰਡਾ ਦੇ ਸਟੇਸ਼ਨ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਧਰਨਾ ਲਾਇਆ। ਧਰਨੇ ਦਾ ਆਗਾਜ਼ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਨ ਤੋਂ ਹੋਇਆ। ਇਥੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਆਦਿ ਨੇ ਮੰਗ ਕੀਤੀ ਕਿ ਸਾਰੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਮਿਥ ਕੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ। ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਕੇ ਗ਼ਰੀਬ ਲੋਕਾਂ ਨੂੰ ਅਨਾਜ, ਦਾਲਾਂ, ਚੀਨੀ, ਤੇਲ, ਕੱਪੜਾ ਦੇਣ ਸਮੇਤ ਅਨਾਜ ਦੇ ਕੋਟੇ ਵਿੱਚ ਵਾਧਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੂੰਗੀ ’ਤੇ ਐੱਮਐੱਸਪੀ ਦੀ ਤਰੀਕ ਵਿੱਚ ਵਾਧਾ ਕੀਤਾ ਜਾਵੇ, ਨਰਮੇ ਦੀ ਫਸਲ ’ਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਦੇ ਪ੍ਰਬੰਧ ਕੀਤੇ ਜਾਣ ਖਰਾਬ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ, ਪਸ਼ੂ ਧਨ ’ਤੇ ਆਈ ਲੰਪੀ ਸਕਿੱਨ ਬਿਮਾਰੀ ਦਾ ਸਰਕਾਰੀ ਤੌਰ ’ਤੇ ਇਲਾਜ ਕੀਤਾ ਜਾਵੇ ਅਤੇ ਬਿਮਾਰੀ ਕਾਰਨ ਪਸ਼ੂ ਧਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਮੋਰਚੇ ਦੇ ਸੱਦੇ ਤਹਿਤ ਅੱਠ ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮੁਲਤਾਨੀਆਂ ਪੁਲ ਥੱਲੇ ਰੇਲ ਪਟੜੀਆਂ ’ਤੇ ਧਰਨਾ ਲਾਇਆ।
ਮਾਨਸਾ (ਜੋਗਿੰਦਰ ਸਿੰਘ ਮਾਨ): ,ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਬੁਰਜ ਗਿੱਲ, ਡਾ. ਦਰਸ਼ਨਪਾਲ, ਪ੍ਰਸ਼ੋਤਮ ਸ਼ਰਮਾ, ਹਰਦੇਵ ਸਿੰਘ ਅਰਸ਼ੀ ਆਦਿ ਨੇ ਕਿਹਾ ਕਿ ਲਖੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 18, 19, 20 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਰਪੁਰ ਖੀਰੀ ’ਚ ਲਾਏ ਜਾ ਰਹੇ ਮੋਰਚੇ ਵਿੱਚ ਪੰਜਾਬ ’ਚੋਂ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ। ਇਸ ਦੀ ਤਿਆਰੀ ਹਿੱਤ 7 ਤੋਂ 15 ਅਗਸਤ ਤੱਕ ਸੂਬੇ ਵਿੱਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਰੇਲਵੇ ਸਟੇਸ਼ਨ ’ਤੇ ਚੱਕਾ ਜਾਮ ਕਰਦਿਆਂ ਵੱਡੀ ਗਿਣਤੀ ਕਿਸਾਨਾਂ ਤੇ ਭਰਤਾਰੀ ਜੱਥੇਬੰਦੀਆਂ ਵੱਲੋਂ 11 ਵਜੇ ਤੋਂ 3 ਵਜੇ ਤੱਕ ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਉਦੋਂ ਤੱਕ ਸੰਘਰਸ਼ ਰਹੇਗਾ ਜਦੋਂ ਤੱਕ ਕਿ ਮੰਗਾਂ ਮੰਨੀਆਂ ਨਹੀਂ ਜਾਂਦੀਆਂ।
ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਬਰਨਾਲਾ ਰੇਲਵੇ ਸਟੇਸ਼ਨ ’ਤੇ ਰੇਲਾਂ ਰੋਕਣ ਲਈ ਕਿਸਾਨਾਂ ਵੱਲੋਂ 11 ਵਜੇ ਤੋਂ 3 ਵਜੇ ਤੱਕ ਧਰਨਾ ਦਿੱਤਾ ਗਿਆ। ਲਗਾਤਾਰ ਰੁਕ ਰੁਕ ਕੇ ਹੁੰਦੀ ਰਹੀ ਬਾਰਿਸ਼ ਦੇ ਬਾਵਜੂਦ ਔਰਤਾਂ ਸਮੇਤ ਵੱਡੀ ਗਿਣਤੀ ਕਿਸਾਨ ਇਸ ਧਰਨੇ ਵਿੱਚ ਸ਼ਾਮਲ ਹੋਏ। ਧਰਨੇ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਦਰਸ਼ਨ ਸਿੰਘ ਉਗੋਕੇ, ਪਵਿੱਤਰ ਸਿੰਘ ਲਾਲੀ ਤੇ ਗੁਰਮੇਲ ਸਿੰਘ ਠੁੱਲੀਵਾਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰੀਤ ਕੌਰ ਧੂਰੀ ਦੇ ਜਥੇ ਨੇ ਕਵਿਤਾ ਪੇਸ਼ ਕੀਤੀ।
ਉਗਰਾਹਾਂ ਧੜੇ ਨੇ ਸੜਕਾਂ ਵੀ ਕੀਤੀਆਂ ਜਾਮ
ਮਲੋਟ (ਲਖਵਿੰਦਰ ਸਿੰਘ): ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਹਿਰ ’ਚੋਂ ਲੰਘਦੀ ਮੁੱਖ ਸੜਕ ’ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰੀਬ ਛੇ ਘੰਟੇ ਜਾਮ ਲਗਾਇਆ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ, ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲੀਸ ਨੇ ਰੂਟਾਂ ਵਿਚ ਬਦਲਾਅ ਕੀਤਾ ਅਤੇ ਟਰੈਫਿਕ ਨੂੰ ਸੁਚਾਰੂ ਰੱਖਿਆ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਕੇਂਦਰ ਸਰਕਾਰ ਵੱਲੋਂ ਕੀਤੀ ਵਾਅਦਾਖਿਲਾਫੀ ਅਤੇ ਲਖੀਮਪੁਰ ਖੀਰੀ ਦੀ ਘਟਨਾ ਦੇ ਇਨਸਾਫ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੰਲੋਂ ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ’ਤੇ ਬਰਨਾਲਾ ਤੋਂ ਮੋਗਾ ਤੇ ਫਰੀਦਕੋਟ ਨੂੰ ਜਾਂਦੇ ਸਾਂਝੇ ਕੌਮੀ ਮਾਰਗ ਨੂੰ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੇ ਟੌਲ ਪਲਾਜ਼ਾ ’ਤੇ ਵਰਦੇ ਮੀਂਹ ’ਚ ਹੀ ਚੱਕਾ ਜਾਮ ਕੀਤਾ ਗਿਆ ਅਤੇ ਧਰਨਾ ਲਾਇਆ ਗਿਆ। ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਸਾਨਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।