ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਫਰਵਰੀ
ਇੱਥੇ ਨਵੀਂ ਅਨਾਜ ਮੰਡੀ ਵਿੱਚ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਖੇਤੀ ਸੰਦਾਂ ਨਾਲ ਵਿਸ਼ਾਲ ਅਤੇ ਵਿਲੱਖਣ ਵੰਗਾਰ ਰੈਲੀ ਵਿੱਚ ਹੱਥ ਖੜ੍ਹੇ ਕਰ ਕੇ ਦਿੱਲੀ ਮੋਰਚੇ ਵੱਲ ਵਹੀਰਾਂ ਘੱਤਣ ਦਾ ਅਹਿਦ ਲਿਆ ਗਿਆ। ਪਿੰਡਾਂ ਤੇ ਸ਼ਹਿਰਾਂ ਵਿੱਚੋਂ ਆਪਣੇ ਰਵਾਇਤੀ ਖੇਤੀ ਸੰਦ ਹੱਥਾਂ ਵਿੱਚ ਫੜ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕ ਰੈਲੀ ਵਿੱਚ ਪੁੱਜੇ।
ਇਸ ਮੌਕੇ ਔਰਤਾਂ ਦੀ ਵੀ ਵੱਡੀ ਹਿੱਸੇਦਾਰੀ ਰਹੀ। ਇਸ ਮੌਕੇ ਇਪਟਾ ਮੋਗਾ ਅਤੇ ਲਾਈਫ ਆਨ ਸਟੇਜ ਦੇ ਕਲਾਕਾਰਾਂ ਵੱਲੋਂ ਗੀਤ ਅਤੇ ਕਵੀਸ਼ਰੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰਗਟ ਸਿੰਘ ਸਾਫੂਵਾਲਾ, ਸੁਖਜਿੰਦਰ ਮਹੇਸਰੀ, ਜਗਜੀਤ ਸਿੰਘ ਧੂੜਕੋਟ, ਉਦੈ ਬੱਡੂਵਾਲ, ਤਾਰਾ ਸਿੰਘ ਮੋਗਾ, ਸੁਖਜੀਤ ਬੁੱਕਣਵਾਲਾ, ਪ੍ਰੀਤਮ ਸਿੰਘ ਬਾਘਾਪੁਰਾਣਾ, ਬਖਸ਼ੀ ਰਾਮ, ਗੁਰਮੇਲ ਸਿੰਘ ਖੋਟੇ, ਸੁਰਿੰਦਰ ਕੌਰ ਢੁੱਡੀਕੇ ਤੇ ਦਰਸ਼ਨ ਸਿੰਘ ਰੌਲੀ ਨੇ ਲੋਕਾਂ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਦਾ ਸੱਦਾ ਦਿੰਦਿਆਂ ਜ਼ਾਬਤੇ ਵਿੱਚ ਖੇਤੀ ਅੰਦੋਲਨ ਨੂੰ ਜਿੱਤ ਵੱਲ ਵਧਾਉਣ ਲਈ ਚੌਕਸੀ ਰੱਖਣ ਲਈ ਆਖਿਆ।
ਇਸ ਮੌਕੇ ਲੋਕਾਂ ਨੇ ਖੇਤੀ ਸੰਦ ਬਾਹਾਂ ਵਿੱਚ ਉਲਾਰ ਕੇ ਅਹਿਦ ਲਿਆ ਕਿ ਖੇਤੀ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਜਿੱਤਣ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ। ਇਸ ਮੌਕੇ ਭੁਪਿੰਦਰ ਸਿੰਘ ਦੌਲਤਪੁਰਾ, ਕਰਮਵੀਰ ਕੌਰ ਬੱਧਨੀ, ਹਰਦਿਆਲ ਸਿੰਘ ਘਾਲੀ, ਜਸਵੰਤ ਸਿੰਘ ਜੈਮਲਵਾਲਾ ਹਾਜ਼ਰ ਸਨ।
ਸਿੱਖ ਸੰਗਠਨਾਂ ਵੱਲੋਂ ਰੋਸ ਮਾਰਚ
ਬਠਿੰਡਾ: ‘ਕਿਸਾਨ ਸੰਘਰਸ਼’ ਦੌਰਾਨ ਦਿੱਲੀ ’ਚ ਵਾਪਰੀਆਂ ਘਟਨਾਵਾਂ ਨੂੰ ਲੈ ਸਿੱਖ ਸੰਗਠਨਾਂ ਵੱਲੋਂ ਅੱਜ ਇੱਥੇ ਕਿਲ੍ਹਾ ਮੁਬਾਰਕ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਪਰਮਿੰਦਰ ਸਿੰਘ ਬਾਲਿਆਂ ਵਾਲੀ ਅਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਵੱਲੋਂ ਬਦਲੇ ਦੀ ਭਾਵਨਾ ਤਹਿਤ ਕਿਸਾਨ ਸੰਗਠਨਾਂ ਦੇ ਆਗੂਆਂ, ਲੱਖਾ ਸਿਧਾਣਾ ਅਤੇ ਹੋਰ ਸੰਘਰਸ਼ੀ ਲੋਕਾਂ ’ਤੇ ਨਾਜਾਇਜ਼ ਪੁਲੀਸ ਕੇਸ ਦਰਜ ਕੀਤੇ ਹਨ। ਉਨ੍ਹਾਂ ਪੱਤਰਕਾਰ ਮਨਦੀਪ ਪੂਨੀਆ ਦੀ ਗਿ੍ਫ਼ਤਾਰੀ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਟਰੈਕਟਰ ਮਾਰਚ ਵਿੱਚੋਂ ਚੁੱਕ ਕੇ ਅਣਦੱਸੀ ਥਾਂ ’ਤੇ ਲਿਜਾ ਕੇ ਤਸ਼ੱਦਦ ਕਰਨ, ਕਿਸਾਨ ਆਗੂਆਂ ਅਤੇ ਨੌਜਵਾਨਾਂ ’ਤੇ ਝੂਠੇ ਪਰਚੇ ਦਰਜ ਕਰਨ, ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਉਣ ਵਾਲੇ ਨੌਜਵਾਨਾਂ ਦੀ ਜੇਲ੍ਹ ਅੰਦਰ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਜ਼ਿਕਰ ਕਰਦਿਆਂ ਸਖ਼ਤ ਸ਼ਬਦਾਂ ’ਚ ਘਟਨਾਵਾਂ ਦੀ ਨਿੰਦਾ ਕੀਤੀ। ਮਾਰਚ ’ਚ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ), ਪੰਜਾਬੀ ਮਾਂ-ਬੋਲੀ ਸਤਿਕਾਰ ਸਭਾ, ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਾਲਵਾ ਜ਼ੋਨ), ਵਕੀਲ ਭਾਈਚਾਰਾ ਅਤੇ ਹੋਰ ਸੰਗਠਨ ਸ਼ਾਮਲ ਸਨ। -ਨਿੱਜੀ ਪੱਤਰ ਪ੍ਰੇਰਕ